

ਜਲੰਧਰ (ਸਰਨ ਯਹਾ) : ‘ਰੈਫਰੈਂਡਮ 2020’ ਦੇ ਹਮਾਇਤੀ ਹੋਣ ਦੇ ਇਲਜ਼ਾਮਾਂ ਵਿੱਚ ਫਸੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੈਪਟਨ ਕੋਲ ਤਾਂ ਸਾਰੀਆਂ ਏਜੰਸੀਆਂ ਹਨ। ਉਹ ਹਰ ਤਰੀਕੇ ਨਾਲ ਜਾਂਚ ਕਰਵਾ ਲੈਣ। ਜੇ ਕਿਤੇ ਇੱਕ ਸ਼ਬਦ ਵੀ ਮੈਂ ਰੈਫਰੈਂਡਮ ਦੇ ਹੱਕ ਵਿੱਚ ਕਿਹਾ ਹੋਵੇ ਤਾਂ ਮੈਨੂੰ ਕਹਿਣ। ਖਹਿਰਾ ਨੇ ਦੱਸਿਆ ਕਿ ਅੰਗਰੇਜ਼ੀ ਦੇ ਅਖਬਾਰ ਵਿੱਚ ਲੱਗੀ ਖਬਰ ਤੋਂ ਬਾਅਦ ਇਹ ਰੌਲਾ ਪੈ ਰਿਹਾ ਹੈ। ਮੈਂ ਕਦੇ ਵੀ ਰੈਫਰੈਂਡਮ ਦੇ ਹੱਕ ਵਿੱਚ ਕੋਈ ਗੱਲ ਨਹੀਂ ਆਖੀ।
ਆਮ ਆਦਮੀ ਪਾਰਟੀ ਵੱਲੋਂ ਖਹਿਰਾ ਨਾਲੋਂ ਕਿਨਾਰਾ ਕੀਤੇ ਜਾਣ ਬਾਰੇ ਸਵਾਲ ‘ਤੇ ਉਨ੍ਹਾਂ ਦਾ ਕਹਿਣਾ ਹੈ ਕਿ 99 ਫੀਸਦੀ ਪਾਰਟੀ ਮੇਰੇ ਨਾਲ ਹੈ। ਸਿਰਫ ਇੱਕ-ਦੋ ਬੰਦੇ ਹਨ ਜੋ ਅਜਿਹਾ ਕਰ ਰਹੇ ਹਨ। ਉਹ ਅਕਾਲੀ-ਕਾਂਗਰਸ ਦੇ ਜਾਲ ਵਿੱਚ ਬਿਨਾ ਜਾਣਕਾਰੀ ਫਸ ਗਏ। ਡਾ. ਬਲਬੀਰ ਸਿੰਘ ਜਾਂ ਅਮਨ ਅਰੋੜਾ ਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਪਾਰਟੀ ਵੱਲੋਂ ਬਿਆਨ ਜਾਰੀ ਕਰਨ ਤੋਂ ਪਹਿਲਾਂ ਇੱਕ ਵਾਰ ਮੇਰੇ ਨਾਲ ਗੱਲ ਤਾਂ ਕਰ ਲੈਂਦੇ।
ਖਹਿਰਾ ਨੇ ਕਿਹਾ ਕਿ ਸਾਰੇ ਮੇਰੇ ‘ਤੇ ਇਲਜ਼ਾਮ ਲਾ ਰਹੇ ਹਨ ਪਰ ਇਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਸੰਵਿਧਾਨ ਦੀਆਂ ਕਾਪੀਆਂ ਪਾੜ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਗੁਰਦੁਆਰਿਆਂ ਵਿੱਚ ਜਾਂਦੇ ਹਨ ਜਿਹੜੇ ਖਾਲਿਸਤਾਨ ਦੇ ਹਮਾਇਤੀ ਹਨ ਪਰ ਉਨ੍ਹਾਂ ਨੂੰ ਤਾਂ ਕੋਈ ਕੁਝ ਨਹੀਂ ਕਹਿੰਦਾ। ਉਹ ਰਾਸ਼ਟਰਵਾਦੀ ਅਖਵਾਉਂਦੇ ਹਨ।
‘ਆਪ’ ਨੂੰ ਗਰਮਖਿਆਲੀਆਂ ਵੱਲੋਂ ਫੰਡਿੰਗ ਬਾਰੇ ਸਵਾਲ ‘ਤੇ ਖਹਿਰਾ ਦਾ ਕਹਿਣਾ ਹੈ ਕਿ ਸਾਰੀ ਫੰਡਿੰਗ ਦੀ ਜਾਂਚ ਕਰਵਾ ਲਈ ਜਾਵੇ ਕਿ ਕਿਸ-ਕਿਸ ਨੇ ਪੈਸਾ ਦਿੱਤਾ ਹੈ, ਸਾਰਾ ਕੁਝ ਸਾਫ ਹੋ ਜਾਵੇਗਾ।ਖਹਿਰਾ ਨੇ ਵਾਰ ਵਾਰ ਕਿਹਾ ਕਿ ਮੈਂ ਕੋਈ ਅਜਿਹਾ ਸ਼ਬਦ ਨਹੀ ਬੋਲਿਆ ਜੋ ਕਿ ਮੇਰੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੋਵੇ ਇਹ ਸਾਰੀਆਂ ਸਿਆਸੀ ਗੱਲਾ ਹਨ ਉਹਨਾਂ ਨੇ ਦੱਸਿਆ ਕੇ ਕੋਈ ਚੈਨਲ ਜਾ ਫੋਟਜ ਦਿਖਾਉ ਜਿਸ ਵਿਚ ਮੈ2020 ਦੀ ਹਮਾਇਤ ਕੀਤੀ ਹੋਵੇ !
EDITED BY : SARA YAHA | | Last Updated :17 June 2018























