

ਚੰਡੀਗੜ੍ਹ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ 20 ਡਾਲਰ ਫੀਸ ਦੇਣ ਲਈ ਕਹਿ ਰਹੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਕਾਂਗਰਸ ਸਰਕਾਰ ਨੂੰ ਕਹਿ ਰਹੇ ਕਿ ਵੀਹ ਡਾਲਰ ਪੰਜਾਬ ਸਰਕਾਰ ਦੇਵੇ ਜਦਕਿ ਹਰਸਿਮਰਤ ਕੌਰ ਬਾਦਲ ਮੋਦੀ ਸਰਕਾਰ ਵਿੱਚ ਭਾਈਵਾਲ ਪਾਰਟੀ ਦੀ ਵਜ਼ੀਰ ਹੈ, ਉਹ ਵੀ 20 ਡਾਲਰ ਮੁਆਫ਼ ਕਰਾਉਣ ਜਾਂ ਫਿਰ ਅਸਤੀਫਾ ਦੇ ਦੇਣ।
ਧਰਮਸੋਤ ਨੇ ਕਿਹਾ ਕਿ ਜੋ ਧਾਰਮਿਕ ਮੁੱਦੇ ‘ਤੇ ਸਿਆਸਤ ਹੋ ਰਹੀ ਹੈ, ਉਹ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਬਾਦਲ ਪਰਿਵਾਰ ‘ਤੇ ਵਾਰ ਕਰਦੇ ਕਿਹਾ ਕਿ ਬਾਦਲ ਪਰਿਵਾਰ ਜੋ ਲੋਕਾਂ ਨੂੰ ਪਿੱਠ ਦਿਖਾ ਰਹੇ ਹਨ, ਇਨ੍ਹਾਂ ਦੀ ਕਦੇ ਵੀ ਸਿਆਸਤ ਵਿੱਚ ਵਾਰੀ ਨਹੀਂ ਆਉਣੀ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਤਿੰਨ ਸੀਟਾਂ ਲੈ ਕੇ ਅਸੀਂ ਪਚੱਤਰ ਅੰਕ ਲਏ ਹਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਸਰਕਾਰ ਮਜ਼ਬੂਤ ਹੈ।
ਉਨ੍ਹਾਂ ਭਗਵੰਤ ਮਾਨ ਨੂੰ ਵੀ ਜਵਾਬ ਦਿੱਤਾ, ਜਿਨ੍ਹਾਂ ਬੀਤੇ ਦਿਨ ਕੈਪਟਨ ਸਰਕਾਰ ‘ਤੇ ਵਾਰ ਕਰਦਿਆਂ ਕਿਹਾ ਸੀ ਕਿ ਮੰਡੀਆਂ ਵਿੱਚ ਕਿਸਾਨ ਰੁਲਣ ਲਈ ਮਜਬੂਰ ਹੋਏ ਹਨ ਤੇ ਦੀਵਾਲੀ ਵੀ ਉਨ੍ਹਾਂ ਨੇ ਮੰਡੀਆਂ ਵਿੱਚ ਗੁਜ਼ਾਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਮੰਡੀਆਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਜਦਕਿ ਅਕਾਲੀ ਦਲ ਤੇ ਬੀਜੇਪੀ ਸਰਕਾਰ ਵੇਲੇ ਕਿਸਾਨ ਮੰਡੀਆਂ ਵਿੱਚ ਰੁਲਦੇ ਸੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਨੂੰ ਵਿਕਾਸ ਦੇ ਰਾਹਾਂ ‘ਤੇ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਦਰਅਸਲ ਉਹ ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਵਿਖੇ ਪੁੱਜੇ ਹੋਏ ਹਨ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਦੀ 17 ਦਿਨ ਇਸ ਸਥਾਨ ‘ਤੇ ਰਹੇ, ਇਸ ਸਥਾਨ ‘ਤੇ ਉਨ੍ਹਾਂ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਮੰਤਰੀ ਨੇ ਕਿਹਾ ਕਿ ਇਸ ਪਿੰਡ ਵਿੱਚ 8 ਕਰੋੜ ਰੁਪਏ ਲਾਏ ਜਾਣਗੇ। ਕੈਬਨਿਟ ਮੰਤਰੀ ਵੱਲੋਂ ਪਿੰਡ ਵਿੱਚ ਬਣੇ ਨਵੇਂ ਬੱਸ ਸਟੈਂਡ ਸਟੇਡੀਅਮ ਤੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ।
























