

ਮਾਨਸਾ 13 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਸਾਂਝੇ ਤੌਰ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤ ‘ਤੇ 25% ਟੈਰਿਫ ਲਗਾਉਣ ਅਤੇ ਰੂਸ ਨਾਲ ਤੇਲ ਵਪਾਰ ਸੌਦੇ ਲਈ ਦੰਡਕਾਰੀ ਟੈਕਸ ਲਗਾਉਣ ਦੀਆਂ ਹਾਲੀਆ ਧਮਕੀਆਂ ਦੀ ਸਖ਼ਤ ਨਿੰਦਾ ਕਰਦਿਆਂ ਅਤੇ ਭਾਰਤ- ਯੂਕੇ ਵਿਆਪਕ ਆਰਥਿਕ ਵਪਾਰ ਸਮਝੌਤੇ (ਸੀਈਟੀਏ) ਨੂੰ ਰੱਦ ਕਰਾਉਣ ਲਈ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਦੇ ਹਿੱਸੇ ਵਜੋਂ ਅੱਜ ਠੀਕਰੀਵਾਲਾ ਚੌਂਕ ਵਿਖੇ ਐਸਕੇਐਮ ਦੇ ਮਹਿੰਦਰ ਸਿੰਘ ਭੈਣੀ ਬਾਘਾ, ਨਿਰਮਲ ਸਿੰਘ ਝੰਡੂਕੇ, ਦਰਸ਼ਨ ਸਿੰਘ ਮਾਨਸ਼ਾਹੀਆ, ਏਟਕ ਦੇ ਕ੍ਰਿਸ਼ਨ ਸਿੰਘ ਚੋਹਾਨ ਵੱਲੋਂ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁੱਤਲਾ ਸਾੜਿਆ ਗਿਆ ।
ਰੋਸ ਪ੍ਰਦਰਸ਼ਨ ਦੌਰਾਨ ਕੀਤੀ ਗਈ ਰੈਲੀ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਆਰਥਿਕ ਧੱਕੇਸ਼ਾਹੀ ਦਾ ਉਦੇਸ਼ ਭਾਰਤ ਨੂੰ ਰੂਸ ਨਾਲ ਇਸਦੇ ਵਪਾਰਕ ਸਬੰਧਾਂ ਦੇ ਖਿਲਾਫ ਧੌਂਸ ਦਿਖਾਉਣਾ ਹੈ। ਇਹ ਧਮਕੀ ਭਰਿਆ ਰਵੱਈਆ ਅਮਰੀਕੀ ਵਪਾਰ ਨੀਤੀਆਂ ਦੇ ਪਖੰਡ ਨੂੰ ਬੇਨਕਾਬ ਕਰਦਾ ਹੈ, ਜੋ ਅਮਰੀਕੀ ਕਾਰਪੋਰੇਸ਼ਨਾਂ ਲਈ ਖੁੱਲ੍ਹੇ ਬਾਜ਼ਾਰਾਂ ਦੀ ਮੰਗ ਕਰਦੀਆਂ ਹਨ ਜਦੋਂ ਕਿ ਅਮਰੀਕਾ ਪ੍ਰਭੂਸੱਤਾ ਸੰਪੰਨ ਦੇਸ਼ਾਂ ਨੂੰ ਟੈਰਿਫ ਰੂਪੀ ਹਥਿਆਰ ਦੀ ਵਰਤੋਂ ਕਰਕੇ ਧਮਕਾ ਰਿਹਾ ਹੈ। ਆਗੂਆਂ ਨੇ ਅੱਗੇ ਕਿਹਾ ਕਿ ਭਾਰਤ ਸਰਕਾਰ ਦਾ ਇਨ੍ਹਾਂ ਖਤਰਿਆਂ ਪ੍ਰਤੀ ਡਰਪੋਕ ਜਿਹਾ ਰਵਈਆ ਅਖਤਿਆਰ ਕਰਨਾ ਚਿੰਤਾਜਨਕ ਹੈ, ਜੋ ਪੱਛਮੀ ਸਾਮਰਾਜੀ ਹਿੱਤਾਂ ਪ੍ਰਤੀ ਇਸਦੀ ਵਧਦੀ ਅਧੀਨਗੀ ਨੂੰ ਦਰਸਾਉਂਦਾ ਹੈ। ਇਹ ਆਤਮ ਸਮਰਪਣ ਹਾਲ ਹੀ ਵਿੱਚ ਦਸਤਖਤ ਕੀਤੇ ਗਏ ਭਾਰਤ- ਯੂਕੇ ਵਿਆਪਕ ਆਰਥਿਕ ਵਪਾਰ ਸਮਝੌਤੇ (ਸੀਈਟੀਏ) ਵਿੱਚ ਵੀ ਸਪੱਸ਼ਟ ਦਿਖਾਈ ਦਿੰਦਾ ਹੈ, ਇੱਕ ਅਜਿਹਾ ਸੌਦਾ ਜੋ ਵਿਦੇਸ਼ੀ ਕਾਰਪੋਰੇਟ ਮੁਨਾਫ਼ਿਆਂ ਦੀ ਵੇਦੀ ‘ਤੇ ਭਾਰਤ ਦੇ ਕਿਸਾਨਾਂ, ਮਜ਼ਦੂਰਾਂ ਅਤੇ ਆਰਥਿਕ ਆਜ਼ਾਦੀ ਦੇ ਹਿੱਤਾਂ ਦੀ ਬਲੀ ਦਿੰਦਾ ਹੈ।
ਰੋਸ ਪ੍ਰਦਰਸ਼ਨ ਦੀਆਂ ਮੁੱਖ ਮੰਗਾਂ ਇਸ ਤਰ੍ਹਾਂ ਹਨ:
- ਭਾਰਤ ਨੂੰ ਟਰੰਪ ਦੀਆਂ ਟੈਰਿਫ ਧਮਕੀਆਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਰੂਸ ਸਮੇਤ ਸਾਰੇ ਦੇਸ਼ਾਂ ਨਾਲ ਵਪਾਰ ਕਰਨ ਦੇ ਆਪਣੇ ਪ੍ਰਭੂਸੱਤਾ-ਸੰਪਨ ਅਧਿਕਾਰ ਤੇ ਪਹਿਰਾ ਦੇਣਾ ਚਾਹੀਦਾ ਹੈ।
- ਭਾਰਤ-ਯੂਕੇ (ਸੀਈਟੀਏ) ਸਮਝੌਤੇ ਦੀ ਸਮੀਖਿਆ ਕਰਕੇ ਤਬਦੀਲੀ ਤੁਰੰਤ ਕੀਤੀ ਜਾਣੀ ਚਾਹੀਦੀ ਹੈ ਅਤੇ ਸੰਸਦ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਪ੍ਰਵਾਨਗੀ ਨਹੀਂ ਦਿੱਤੀ ਜਾਣੀ ਚਾਹੀਦੀ।
- ਆਉਣ ਵਾਲੇ ਅਗਲੇ ਕਾਰਪੋਰੇਟ ਸ਼ੋਸ਼ਣ ਨੂੰ ਰੋਕਣ ਲਈ ਅਮਰੀਕਾ-ਭਾਰਤ ਵਪਾਰ ਸਮਝੌਤੇ ਲਈ ਸਾਰੀਆਂ ਗੱਲਬਾਤਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
- ਕੋਈ ਹੋਰ ਗੁਪਤ ਵਪਾਰ ਸਮਝੌਤਾ ਨਹੀਂ -ਬਲਕਿ ਭਵਿੱਖ ਦੇ ਸਾਰੇ ਸੌਦਿਆਂ ਨੂੰ ਪੂਰੀ ਸੰਸਦ ਦੀ ਨਿਗਰਾਨੀ ਅਤੇ ਜਨਤਕ ਸਲਾਹ-ਮਸ਼ਵਰੇ ਤੋਂ ਬਿਨਾਂ ਨਹੀਂ ਕਰਨਾ ਚਾਹੀਦਾ ।
ਇਸ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਰਾਜ ਸਿੰਘ ਅਲੀਸ਼ੇਰ, ਸ਼ਿੰਦਰਪਾਲ ਕੌਰ, ਸੁਖਵਿੰਦਰ ਸਿੰਘ ਸੱਦਾ ਸਿੰਘ ਵਾਲਾ, ਦਲਜੀਤ ਸਿੰਘ ਮਾਨਸਾ, ਸੁਖਦੇਵ ਸਿੰਘ ਪੰਧੇਰ, ਬੂਟਾ ਸਿੰਘ ਬਰਨਾਲਾ,ਰਤਨ ਭੋਲਾ ਆਦਿ ਸ਼ਾਮਿਲ ਸਨ।
ਜਾਰੀ ਕਰਤਾ























