ਕਿਸਾਨਾਂ ਨੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਅੱਗੇ ਦਿੱਤਾ ਧਰਨਾ

0
4
ਮਾਨਸਾ (ਹੀਰਾ ਸਿੰਘ ਮਿੱਤਲ)—ਕਿਸਾਨਾਂ ਨੂੰ ਸਬਸਿਡੀ ਵਾਲਾ ਯੰਤਰ ਦਾ ਬੀਜ ਨਾ ਦੇਣ ਦੇ ਖਿਲਾਫ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮਾਨਸਾ-ਬਰਨਾਲਾ ਰੋਡ ‘ਤੇ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਅੱਗੇ ਧਰਨਾ ਦੇਣ ਉਪਰੰਤ ਮਹਿਕਮੇ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਹਿਕਮੇ ਦੇ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਨਾਰਾ ਕਰ ਕੇ ਕਿਸਾਨਾਂ ਨੂੰ ਯੰਤਰ ਦਾ ਬੀਜ ਦੇਣ ਤੋਂ ਜਵਾਬ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਲਾਏ ਜਾਂਦੇ ਮੇਲਿਆਂ ਦੌਰਾਨ ਹਰੀਆਂ ਖਾਦਾਂ ਵਰਤਣ ਦੀ ਕਿਸਾਨਾਂ ਨੂੰ ਸਲਾਹ ਦਿੰਦੇ ਰਹਿੰਦੇ ਹਨ ਪਰ ਹਰੀਆਂ ਖਾਦਾਂ ਪੈਦਾ ਕਰਨ ਲਈ ਯੰਤਰ ਦਾ ਬੀਜ ਸਮੇਂ ਸਿਰ ਕਿਸਾਨਾਂ ਨੂੰ ਨਹੀਂ ਦਿੱਤਾ ਜਾ ਰਿਹਾ। ਕਿਸਾਨ ਪ੍ਰਾਈਵੇਟ ਵਪਾਰੀਆਂ ਕੋਲੋਂ ਯੰਤਰ ਦਾ ਬੀਜ ਖਰੀਦ ਕੇ ਆਰਥਿਕ ਛਿੱਲ ਲਹਾਉਣ ਲਈ ਮਜਬੂਰ ਹਨ। ਉਨ੍ਹਾਂ ਮੰਗ ਕੀਤੀ ਕਿ ਬੀਜ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਨਰਮੇ ਦੀ ਬੀਜਾਈ ਦਾ ਸੀਜ਼ਨ ਲੰਘ ਰਿਹਾ ਹੈ ਪਰ ਅਜੇ ਤੱਕ ਭਾਖੜਾ ਨਹਿਰ ‘ਚ ਪਾਣੀ ਨਹੀਂ ਛੱਡਿਆ ਗਿਆ, ਜਿਸ ਕਾਰਨ ਨਰਮੇ ਦੀ ਬੀਜਾਈ ਪੱਛੜ ਜਾਵੇਗੀ। ਉਨ੍ਹਾਂ ਕਿਹਾ ਕਿ ਫਸਲਾਂ ਦੀ ਬੀਜਾਈ ਸਮੇਂ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਖੇਤੀਬਾੜੀ ਮਹਿਕਮਾ ਕੋਈ ਉਪਰਾਲਾ ਨਹੀਂ ਕਰ ਰਿਹਾ। ਇਹ ਵਰਤਾਰਾ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ। 15 ਅਪ੍ਰੈਲ ਤੋਂ ਨਰਮੇ ਦੀ ਬੀਜਾਈ ਸ਼ੁਰੂ ਹੋਣੀ ਹੁੰਦੀ ਹੈ ਉਸ ਤੋਂ ਪਹਿਲਾਂ ਹੀ ਨਹਿਰਬੰਦੀ ਕਰ ਦਿੱਤੀ ਜਾਂਦੀ ਹੈ। ਬੁਲਾਰਿਆਂ ਨੇ ਝੋਨੇ ਦੀ ਲਵਾਈ 20 ਜੂਨ ਤੋਂ ਲਾਗੂ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਐਲਾਨ ਕੀਤਾ ਹੈ ਕਿ ਝੋਨਾ ਕਿਸਾਨ ਆਪਣੇ ਖੇਤਾਂ ‘ਚ 10 ਜੂਨ ਤੋਂ ਸ਼ੁਰੂ ਕਰਨਗੇ।
ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਹਰਿੰਦਰ ਸਿੰਘ ਟੋਨੀ ਭੈਣੀਬਾਘਾ, ਜੋਗਿੰਦਰ ਸਿੰਘ ਦਿਆਲਪੁਰਾ, ਭੋਲਾ ਸਿੰਘ ਮਾਖਾ, ਬਲਬ ਸਿੰਘ ਫਫੜੇ ਭਾਈਕੇ, ਮਿੱਠੂ ਸਿੰਘ ਦਸੌਂਧੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here