

ਅੱਜ ਪਿੰਦਰ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ ਸਨ। ਲੱਗਣ ਵੀ ਕਿਵੇਂ, ਇੰਦਰ ਨਾਲ ਵਿਆਹ ਕਰਵਾ ਕੇ ਉਸ ਨੂੰ ਲੱਗ ਰਿਹਾ ਸੀ ਜਿਵੇਂ ਪੂਰੀ ਕਾਇਨਾਤ ਉਸ ਦੀ ਝੋਲੀ ਵਿਚ ਪੈ ਗਈ ਹੋਵੇ। ਦਿਨ ਖੰਭ ਲਾ ਕੇ ਉੱਡ ਰਹੇ ਸਨ। ਕਿਸੇ ਔਰਤ ਦੀ ਸਭ ਤੋਂ ਵੱਡੀ ਖਵਾਹਿਸ਼ ਹੁੰਦੀ ਹੈ ਕਿ ਉਸ ਦੀ ਝੋਲੀ ਇਕ ਬਾਲ ਖੇਡੇ। ਉਸ ਦੀ ਇਹ ਖਵਾਹਿਸ਼ ਵੀ ਪ੍ਰਮਾਤਮਾ ਨੇ ਜਲਦੀ ਹੀ ਪੂਰੀ ਕਰ ਦਿੱਤੀ ਕਿ ਉਸ ਦੀ ਕੁੱਖ ਵਿਚ ਇਕ ਫੁੱਲ ਪਲਣ ਲੱਗਿਆ। ਪਿੰਦਰ ਡਾਹਡੀ ਖੁਸ਼ ਸੀ ਪਰ ਹੋਣੀ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਰਾਤ ਨੂੰ ਸੁੱਤੇ ਪਇਆਂ ਪਿਂਦਰ ਦੇ ਪੇਟ ਵਿਚ ਦਰਦ ਉੱਠਿਆ ਤੇ ਇੰਦਰ ਉਸ ਨੂੰ ਹਸਪਤਾਲ ਲੈ ਗਿਆ। ਪਰ ਹਾਲੇ ਤਾਂ ਪੰਜਵਾਂ ਹੀ ਮਹੀਨਾ ਸੀ। ਇੰਦਰ ਨੂੰ ਫਿਕਰ ਹੋਣ ਲੱਗੀ। ਚੈੱਕਅਪ ਤੋਂ ਬਾਅਦ ਪਤਾ ਲੱਗਿਆ ਕਿ ਬੱਚਾ ਗਰਭ ਵਿਚ ਮਰ ਚੁੱਕਾ ਸੀ। ਡਾਕਟਰ ਦੇ ਦੱਸਣ ਮੁਤਾਬਕ ਬੱਚਾ ਕੁੜੀ ਸੀ। ਸਾਰੇ ਆਖਦੇ ਕਿ ਚਲੋ ਕੁੜੀ ਸੀ, ਹੋ ਸਕਦਾ ਪ੍ਰਮਾਤਮਾ ਨੇ ਮੁੰਡਾ ਦੇਣਾ ਹੋਵੇ। ਪਰ ਪਿੰਦਰ ਦਾ ਦਿਲ ਨਹੀਂ ਸੀ ਮੰਨਦਾ। ਉਸ ਦੇ ਅਰਮਾਨਾਂ ਤੇ ਪਾਣੀ ਫਿਰ ਚੁੱਕਿਆ ਸੀ। ਉਸ ਦਾ ਕਹਿਣਾ ਸੀ ਕਿ ਉਸ ਨੂੰ ਤਾਂ ਉਸ ਦੀ ਬੇਟੀ ਹੀ ਚਾਹੀਦੀ ਹੈ, ਉਹੀ ਅੱਧ ਖਿੜਿਆ ਫੁੱਲ ਜੋ ਮਾਲੀ ਨੇ ਖਿੜਨ ਤੋਂ ਪਹਿਲਾਂ ਹੀ ਤੋੜ ਲਿਆ। ਪਿੰਦਰ ਰੋਜ਼ ਗੁਰੂ ਘਰ ਜਾਂਦੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਕਿ ਉਸ ਦੀ ਬੇਟੀ ਵਾਪਸ ਕਰ ਦਵੇ। ਸਮਾਂ ਆਪਣੀ ਚਾਲ ਚੱਲ ਰਿਹਾ ਸੀ। ਹੁਣ ਕੋਈ ਵੀ ਫੁੱਲ ਪਿੰਦਰ ਦੀ ਝੋਲੀ ਵਿਚ ਨਹੀਂ ਖਿੜ ਸਕਿਆ। ਉਸ ਨੇ ਆਪਣੇ ਪਤੀ ਨਾਲ ਸਲਾਹ ਕਰਕੇ ਲੁਧਿਆਣੇ ਤੋਂ ਇਲਾਜ ਸ਼ੁਰੂ ਕਰਵਾ ਲਿਆ। ਦਵਾਈ ਦੇ ਇੰਜੈਕਸ਼ਨਾਂ ਨਾਲ ਉਸ ਨੂੰ ਤੇਜ ਪੀੜਾਂ ਉੱਠਦੀਆਂ, ਪਰ ਇਹ ਪੀੜਾਂ ਉਸ ਦੀ ਮਮਤਾ ਦੀ ਇੱਛਾ ਅੱਗੇ ਛੋਟੀਆਂ ਪੈ ਜਾਂਦੀਆਂ। ਫੇਰ ਇਕ ਦਿਨ ਅਜਿਹਾ ਆਇਆ ਕਿ ਉਸ ਦੀ ਕੁੱਖ ਮੁੜ ਤੋਂ ਹਰੀ ਹੋ ਗਈ। ਉਹ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਨਾ ਥੱਕਦੀ। ਸੁੱਖਾਂ ਸੁੱਖਦੀ ਨੂੰ ਨੌਂਵਾਂ ਮਹੀਨਾ ਆਇਆ ਤੇ ਉਸ ਕੋਲ ਲੜਕੀ ਨੇ ਜਨਮ ਲਿਆ, ਜਿਸ ਦਾ ਨਾਮ ਅਰਮਾਨ ਰੱਖਿਆ ਗਿਆ। ਰੱਬ ਨੇ ਪਿੰਦਰ ਨੂੰ ਉਸ ਦੀ ਬੇਟੀ ਵਾਪਸ ਕਰਕੇ ਉਹ ਅਰਮਾਨ ਜੋ ਪੂਰਾ ਕਰਤਾ ਸੀ ਜੋ ਉਸ ਕੋਲੋਂ ਅੱਧਖਿੜਿਆ ਫੁੱਲ ਖੋਹ ਕੇ ਉਸ ਦੀਆਂ ਮੰਨਤਾਂ ਤੋਂ ਬਾਅਦ ਉਹੀ ਫੁੱਲ ਉਸ ਦੀ ਝੋਲੀ ਆਣ ਪਿਆ।
ਲੇਖਕ__ਬੀਰਿੰਦਰ ਸਿੰਘ ਧਾਲੀਵਾਲ























