ਕਰ-ਰਾਖੀ ਜੋ ਤੁਰ ਗਏ ਵਤਨ ਲਈ, ਹੁਣ ਉਨ੍ਹਾਂ ਕਦ ਮੁੜਨਾ…

0
63

ਮਾਨਸਾ, 21 ਅਕਤੂਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ )–  ਦੇਸ਼ ਭਰ ਵਿੱਚ ਆਪਣੀ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਪੁਲੀਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਪੁਲੀਸ ਲਾਈਨ ਵਿਖੇ ਪੁਲੀਸ ਸਿਮਰਤੀ ਦਿਵਸ ਮਨਾਇਆ ਗਿਆ।
ਇਸ ਸ਼ਹੀਦੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ, ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਹੀਆਂ, ਸਰਦੂਲਗੜ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ, ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਸਮੇਤ ਹੋਰ ਆਗੂਆਂ ਸਮੇਤ ਪੁਲੀਸ ਅਧਿਕਾਰੀਆਂ ਅਤੇ ਸ਼ਹੀਦ ਹੋਏ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਵਲੋਂ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਅੱਜ ਪੂਰਾ ਦੇਸ਼ ਆਪਣੇ ਸ਼ਹੀਦਾਂ ਦੇ ਸਨਮਾਨ ਵਿੱਚ ਆਪਣਾ ਸਿਰ ਝੁਕਾਉਂਦਾ ਹੈ ਅਤੇ ਪੁਲੀਸ ਦੇ ਸ਼ਹੀਦ ਹੋਏ ਪਰਿਵਾਰਾਂ ਦੀ ਮਾਨਸਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਰਾਖੀ ਕੀਤੀ ਜਾਂਦੀ ਹੈ।
ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਪੁਲੀਸ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅਸੀਂ ਅੱਜ ਆਪਣੇ ਦੇਸ਼ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਾਂ, ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਸਾਨੂੰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸ਼ਾਂਤੀ ਪੈਦਾ ਰਹੇ, ਇਸ ਲਈ ਹਰ ਨਾਗਰਿਕ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਕੌਮਾਂ ਤੇ ਰਾਸ਼ਟਰ ਕਦੇ ਵੀ ਤਰੱਕੀ ਨਹੀਂ ਕਰ ਸਕਦੇ, ਜੋ ਸ਼ਹੀਦਾਂ ਨੂੰ ਭੁਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਵਿੱਚ ਮਨਾਇਆਂ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲੱਦਾਖ ਵਿਖੇ ਚੀਨ ਦੀ ਫੌਜ ਵਲੋਂ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦੀਆਂ ਪਾ ਗਏ ਸਨ। ਉਨ੍ਹਾਂ ਕਿਹਾ ਕਿ ਸਾਡੇ ਸੂਬੇ ਵਿੱਚ ਵੀ ਪੰਜਾਬ ਪੁਲੀਸ ਨੇ ਕਰੀਬ 10 ਸਾਲ ਅੱਤਵਾਦ ਦਾ ਸਾਹਮਣਾ ਕੀਤਾ ਅਤੇ ਇਸ ਦੌਰਾਨ ਕਈ ਪੁਲੀਸ ਅਫਸਰ, ਜਵਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਸ਼ਹੀਦ ਹੋਏ।
ਡਾ.ਭਾਰਗਵ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਰਿਹਾਇਸ਼ੀ 4 ਹੌਲਦਾਰ,13 ਸਿਪਾਹੀ, 6 ਐਸ.ਪੀ.ਓ. ਅਤੇ 10 ਹੋਮਗਾਰਡਜ਼ ਦੇ ਜਵਾਨ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅੱਜ ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਹੈ। ਇਸ ਮੌਕੇ ਡਾ. ਭਾਰਗਵ, ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਮਾਨਸਾ ਨੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਬਾਅਦ ਐਸ.ਐਸ.ਪੀ. ਨੇ ਮਾਨਸਾ ਜ਼ਿਲ੍ਹੇ ਦੇ ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ’ਤੇ ਇਨ੍ਹਾਂ ਦੇ ਹੱਲ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।

LEAVE A REPLY

Please enter your comment!
Please enter your name here