

ਮਾਨਸਾ, 23 ਸਤੰਬਰ (ਬਲਜੀਤ ਸ਼ਰਮਾ ) : ਦੱਖਣੀ ਕੋਰੀਆ ਦੇ ਸ਼ਹਿਰ ਚੈਂਗਵੌਨ ਵਿਖੇ 52ਵੀਂ ਆਈ.ਐਸ.ਐਸ.ਐਫ. ਵਿਸ਼ਵ ਸ਼ੂਟਿੰਗ ਚੈਂਪਿਅਨਸ਼ਿਪ ਦੌਰਾਨ ਸੋਨ ਤਮਗੇ ਜਿੱਤਣ ਵਾਲੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ 16-16 ਵਰ੍ਹਿਆਂ ਦੇ 2 ਜੋੜੇ ਭਰਾਵਾਂ ਵਿਜੇਵੀਰ ਸਿੰਘ ਸਿੱਧੂ ਅਤੇ ਉਦੇਵੀਰ ਸਿੰਘ ਸਿੱਧੂ ਦਾ ਜ਼ਿਲ੍ਹਾ ਮਾਨਸਾ ਦੇ ਪ੍ਰਸ਼ਾਸਨ ਦੀ ਤਰਫੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।
ਬੀਤੀ ਦੇਰ ਸ਼ਾਮ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਰੱਖੇ ਸੰਖੇਪ ਸਨਮਾਨ ਸਮਾਰੋਹ ਦੌਰਾਨ ਖਿਡਾਰੀਆਂ ਦੇ ਮਾਤਾ ਜੀ ਰਾਣੋ ਸਿੱਧੂ, ਦਾਦੀ ਜੀ ਸ਼੍ਰੀਮਤੀ ਸੁਰਿੰਦਰ ਕੌਰ ਸਿੱਧੂ, ਸ਼੍ਰੀਮਤੀ ਜਸਵੀਰ ਕੌਰ ਨੱਤ, ਸ਼੍ਰੀ ਗੁਰਲਾਭ ਸਿੰਘ ਮਾਹਲ, ਸ਼੍ਰੀ ਜਗਮੋਹਨ ਸਿੰਘ ਧਾਲੀਵਾਲ, ਕੋਚ ਸ਼੍ਰੀ ਦੀਦਾਰ ਸਿੰਘ, ਕੋਚ ਸ਼੍ਰੀ ਸੰਗਰਾਮਜੀਤ ਸਿੰਘ, ਸ਼੍ਰੀ ਬਲਜੀਤ ਸਿੰਘ ਖ਼ਿਆਲਾ ਅਤੇ ਸ਼੍ਰੀ ਪਰਮਿੰਦਰ ਸਿੰਘ ਮਾਨ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਵਲ ਮਾਨਸਾ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਵਿਜੇਵੀਰ ਅਤੇ ਉਦੇਵੀਰ ‘ਤੇ ਮਾਣ ਹੈ। ਊਨ੍ਹਾਂ ਕਿਹਾ ਕਿ ਦੋਵੇਂ ਭਰਾ ਉਨ੍ਹਾਂ ਬੱਚਿਆਂ ਲਈ ਪ੍ਰੇਰਣਾਸਰੋਤ ਹਨ, ਜੋ ਖੇਡਾਂ ਵਿੱਚ ਆਪਣੀ ਦਿਲਚਸਪੀ ਰੱਖਦੇ ਹਨ ਅਤੇ ਸਖ਼ਤ ਮਿਹਨਤ ਕਰਕੇ ਦੇਸ਼ ਦੀ ਸ਼ਾਨ ਹੋਰ ਉੱਚੀ ਕਰਨਾ ਚਾਹੁੰਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਚੈਂਗ ਵੌਨ ਵਿਖੇ 31 ਅਗਸਤ ਤੋਂ 15 ਸਤੰਬਰ ਤੱਕ ਹੋਈ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ 16 ਸਾਲਾ ਊਦੇਵੀਰ ਸਿੰਘ ਸਿੱਧੂ ਨੇ 25 ਮੀਟਰ ਪਿਸਟਲ ਪੁਰਸ਼ ਜੂਨੀਅਰ ਰੈਪਿਡ ਫਾਇਰ ਮੁਕਾਬਲੇ ਦੀ ਵਿਅਕਤੀਗਤ ਖੇਤ ਵਿੱਚ 587 ਅੰਕ ਲੈ ਕੇ ਸੋਨ ਤਮਗ਼ਾ ਹਾਸਲ ਕੀਤਾ ਹੈ ਜਦਕਿ ਵਿਜੇਵੀਰ ਸਿੰਘ ਸਿੱਧੂ (16) ਨੇ ਵੀ 25 ਮੀਟਰ ਸਟੈਂਡਰਡ ਪਿਸਟਲ ਪੁਰਸ਼ ਜੂਨੀਅਰ ਮੁਕਾਬਲੇ ਦੇ ਵਿਅਕਤੀਗਤ ਈਵੈਂਟ ਵਿੱਚ ਸੋਨ ਤਮਗਾ ਭਾਰਤ ਦੀ ਝੋਲੀ ਪਾਇਆ। ਇਸੇ ਤਰ੍ਹਾਂ ਚੈਂਪੀਅਨਸ਼ਿਪ ਵਿੱਚ ਤਿੰਨ ਸ਼ੂਟਰਾਂ ਊਦੇਵੀਰ ਸਿੰਘ ਸਿੱਧੂ, ਵਿਜੇਵੀਰ ਸਿੰਘ ਸਿੱਧੂ ਤੇ ਰਾਜ ਕੰਵਰ ਸਿੰਘ ਸਿੱਧੂ ਦੀ ਭਾਰਤੀ ਟੀਮ ਸਾਂਝੇ ਤੌਰ ‘ਤੇ 1736 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਹੀ ਅਤੇ ਦੇਸ਼ ਲਈ ਸੋਨ ਤਮਗ਼ਾ ਫੁੰਡਿਆ।
ਇਸ ਤੋਂ ਪਹਿਲਾਂ ਜੂਨ ਮਹੀਨੇ ਵਿਚ ਜਰਮਨੀ ਵਿਖੇ ਹੋਏ ਜੂਨੀਅਰ ਸ਼ੂਟਿੰਗ ਵਿਸ਼ਵ ਕੱਪ ਵਿਚ ਇਨ੍ਹਾਂ ਸ਼ੂਟਰ ਭਰਾਵਾਂ ਨੇ 4 ਸੋਨ ਤਮਗ਼ੇ, 1 ਚਾਂਦੀ ਦਾ ਤਮਗ਼ਾ ਅਤੇ 2 ਕਾਂਸੀ ਦੇ ਤਮਗ਼ੇ ਜਿੱਤਣ ਤੋਂ ਬਾਅਦ ਚੈੱਕ ਰਿਪਬਲਿਕ ਵਿਚ ਹੋਏ ਮੀਟਿੰਗ ਆਫ਼ ਸ਼ੂਟਿੰਗ ਹੋਪ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਮਗ਼ੇ, 2 ਚਾਂਦੀ ਦੇ ਤਮਗ਼ੇ ਅਤੇ 2 ਕਾਂਸੀ ਦੇ ਤਮਗ਼ੇ ਹਾਸਲ ਕੀਤੇ। ਜ਼ਿਲ੍ਹਾ ਪ੍ਰਸ਼ਾਸਨ ਨੇ ਉਦੋਂ ਵੀ ਸਥਾਨਕ ਬੱਚਤ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾ ਕੇ ਇਨ੍ਹਾਂ ਕੌਮਾਂਤਰੀ ਖਿਡਾਰੀਆਂ ਦਾ ਸਨਮਾਨ ਕੀਤਾ ਸੀ।
EDITED BY : SARA YAHA | | Last Updated : 6:42 pm 23 September 2018






















