*ਆਦਰਸ਼ ਸਕੂਲ ਚਾਉਕੇ ਦੇ ਅਧਿਆਪਕਾਂ ‘ਤੇ ਢਾਹੇ ਜਬਰ ਦੇ ਵਿਰੋਧ ਚ ਐੱਮ ਐੱਲ ਏ ਦੇ ਘਰ ਅੱਗੇ ਧਰਨਾ*

0
60

ਮਾਨਸਾ, 06 ਅਪ੍ਰੈਲ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  ਆਦਰਸ਼ ਸਕੂਲ ਚਾਉੰਕੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਅਤੇ ਵਿਦਿਆਰਥੀਆਂ ਨਾਲ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਖਿਲਾਫ਼ ਬੋਲਣ ਵਾਲੇ ਅਧਿਆਪਕਾਂ ਨੂੰ ਇਸ ਪ੍ਰਬੰਧਕੀ ਕਮੇਟੀ ਵੱਲੋਂ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਗਿਆ ਸੀ ਜਿਸ ਦੇ ਖਿਲਾਫ਼ ਇਹ ਪੀੜਤ ਅਧਿਆਪਕ , ਬੱਚਿਆਂ ਦੇ ਮਾਪੇ ਅਤੇ ਭਰਾਤਰੀ ਜਥੇਬੰਦੀਆਂ ਸਕੂਲ ਅੱਗੇ ਲਗਾਤਾਰ ਧਰਨਾ ਲਗਾ ਕੇ ਹੱਕੀ ਸੰਘਰਸ਼ ਕਰ ਰਹੀਆਂ ਸਨ।ਕੱਲ ਸਵੇਰੇ ਪੰਜਾਬ ਪੁਲਿਸ ਵੱਲੋਂ ਇਸ ਮੋਰਚੇ ‘ਤੇ ਹਮਲਾ ਕਰਕੇ ਅਧਿਆਪਕਾਂ  ਦੀ, ਮਾਪਿਆਂ ਦੀ ਅਤੇ ਭਰਾਤਰੀ ਆਗੂਆਂ ਦੀ ਜ਼ਾਲਮਾਨਾ ਕੁੱਟਮਾਰ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ।ਪੰਜਾਬ ਸਰਕਾਰ ਦੀ ਇਸ ਜ਼ਾਲਮਾਨਾ ਹਰਕਤ ਦੇ ਵਿਰੋਧ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਮਾਨਸਾ ਵੱਲੋਂ ਸਰਦੂਲਗੜ੍ਹ ਦੇ ਐੱਮ ਐੱਲ ਏ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਅੱਗੇ ਧਰਨਾ ਦਿੱਤਾ ਗਿਆ|ਇਸ ਧਰਨੇ ਵਿੱਚ ਡੀ ਟੀ ਐਫ਼ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ|ਸੂਬਾ ਪ੍ਰਧਾਨ ਦਿਗ ਵਿਜੇਪਾਲ ਸ਼ਰਮਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ  ਦੱਸਿਆ ਕਿ ਆਦਰਸ਼ ਸਕੂਲ ਚਾਉਕੇ ਅੱਗੇ ਆਪਣੇ ਹੱਕ ਮੰਗ ਰਹੀਆਂ ਔਰਤ ਅਧਿਆਪਕਾਂ ਨੂੰ ਗੁੱਤਾਂ ਤੋਂ ਫੜ ਕੇ ਸੜਕਾਂ ‘ਤੇ ਘੜੀਸਿਆ ਗਿਆ। ਸੜਕਾਂ ‘ਤੇ ਡਾਂਗਾਂ ਦਾ ਮੀਂਹ ਵਰ੍ਹਾ ਕੇ ਪੱਗਾਂ ਰੋਲੀਆਂ ਗਈਆਂ|ਬਦਲਾਅ ਦੇ ਨਾਮ ਤੇ ਆਈ ਆਮ ਆਦਮੀ ਪਾਰਟੀ ਨੇ ਜ਼ਬਰ ਢਾਹੁਣ ਵਾਲੇ ਹੱਦਾਂ ਬੰਨੇ ਪਾਰ ਕਰ ਦਿੱਤੇ ਹਨ|ਉਹਨਾਂ ਨੇ ਕਿਹਾ ਕਿ ਕਾਰਪੋਰੇਟਾਂ ਦੇ ਹਮਲੇ ਨੂੰ ਰੋਕਣ ਲਈ ਸਮਾਜ ਦੇ ਲੜ ਰਹੇ ਤਬਕੇ ਨੂੰ ਵੱਡੀ ਲੋਕ ਏਕਤਾ ਉਸਾਰਨੀ ਪਵੇਗੀ |ਧਰਨੇ ਨੂੰ ਸੰਬੋਧਨ ਕਰਦੇ ਹੋਏ ਡੀ ਟੀ ਐਫ਼ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ ਦੱਸਿਆ ਕਿ ਇਕ ਅਧਿਆਪਿਕਾ ਦੀ ਤਿੰਨ ਸਾਲ ਦੀ ਬੱਚੀ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ ਅਤੇ ਬਜ਼ੁਰਗ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਗਿਆ|ਆਗੂਆਂ ਨੇ ਮੰਗ ਕੀਤੀ ਕਿ ਹਟਾਏ ਗਏ ਅਧਿਆਪਕਾਂ ਨੂੰ ਤੁਰੰਤ ਨੌਕਰੀਆਂ ਤੇ ਜੋਇਨ ਕਰਵਾ ਕੇ ਸਕੂਲ ਦਾ ਪ੍ਰਬੰਧ ਸਰਕਾਰ ਆਪਣੇ ਹੱਥਾਂ ਵਿੱਚ ਲਵੇ|
        ਇਸ ਮੌਕੇ ਰਾਜਵਿੰਦਰ ਬੈਹਣੀਵਾਲ ,ਤਰਸੇਮ ਬੋੜਾਵਾਲ, ਜਗਦੀਪ ਬੋੜਾਵਾਲ ਰਾਜਿੰਦਰ ਸਿੰਘ, ਕੁਲਦੀਪ ਸਿੰਘ, ਗੁਰਜੀਤ ਮਾਨਸਾ , ਸਿਕੰਦਰ ਢਿੱਲੋਂ ,ਮਨਦੀਪ ਕੋਟਲੀ,ਜਸਵਿੰਦਰ ਕਾਮਰੇਡ ਹਾਜ਼ਰ ਸਨ |

LEAVE A REPLY

Please enter your comment!
Please enter your name here