ਚੰਡੀਗੜ੍ਹ: ਪੰਜਾਬ ਵਿੱਚੋਂ ਨਸ਼ਿਆਂ ਦਾ ਬੀਅ ਨਾਸ ਕਰਨ ਦੀ ਮੁਹਿੰਮ ਵਿੱਚ ਜੁਟੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਦੋ ਵੱਡੇ ਜਰਨੈਲ ਹੀ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਇਸ ਨਾਲ ਪੰਜਾਬ ਸਰਕਾਰ ਦੀ ਹਾਈਕੋਰਟ ‘ਚ ਚੰਗੀ ਮਿੱਟੀ ਪਲੀਤ ਹੋਈ ਹੈ। ਦਰਅਸਲ ਨਸ਼ਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਸਿਧਾਰਥ ਚਟੋਪਾਧਿਆਏ ਨੇ ਅੱਜ ਹਾਈਕੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਉਨ੍ਹਾਂ ਨੂੰ ਖੁਦਕੁਸ਼ੀ ਦੇ ਝੂਠੇ ਕੇਸ ਵਿੱਚ ਫਸਾ ਰਹੇ ਹਨ। ਚਟੋਪਾਧਿਆਏ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕੇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਖੁਦਕੁਸ਼ੀ ਨੋਟ ਵਿੱਚ ਨਾਮ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ 12 ਸਾਲ ਜੂਨੀਅਰ ਆਈਜੀ ਨੇ ਦੋ ਪ੍ਰਸ਼ਨ ਪੱਤਰ ਭੇਜੇ। ਉਨ੍ਹਾਂ ਕਿਹਾ ਕਿ ਦੀਵਾਨ ਖਾਲਸਾ ਦੇ ਸਾਬਕਾ ਪ੍ਰਧਾਨ ਦੇ ਬੇਟੇ ਇੰਦਰਪ੍ਰੀਤ ਚੱਢਾ ਖੁਦਕੁਸ਼ੀ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ ਐਲਕੇ ਯਾਦਵ ਹਨ। ਯਾਦਵ ਦੋਵੇਂ ਡੀਜੀਪੀਜ਼ ਦਾ ਖਾਸ-ਮ-ਖਾਸ ਹਨ।