

ਮਾਨਸਾ 9 ਫਰਵਰੀ (ਸਾਰਾ ਯਹਾ,(ਬਲਜੀਤ ਸ਼ਰਮਾ) : ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਮਾਨਸਾ ਜਿਲ੍ਹੇ ਨੂੰ ਪੰਜਾਬ ਸਰਕਾਰ ਨੇ ਅੱਖੋਂ ਪਰੋਖੇ ਕਰ ਦਿੱਤਾ ਹੈ ਅਤੇ ਮਾਨਸਾ ਜਿਲ੍ਹਾ ਜੋ ਕਿ ਪਹਿਲਾਂ ਹੀ ਪਛੜੇ ਜਿਲ੍ਹੇ ਵਜੋਂ ਜਾਣਿਆ ਜਾਂਦਾ ਹੈ, ਦੇ ਵਸਨੀਕਾਂ ਨੂੰ ਇਸ ਬਜਟ ਤੋਂ ਸਿਰਫ ਨਿਰਾਸ਼ਾ ਹੀ ਹਾਸਲ ਹੋਈ ਹੈ ਕਿਉਂਕਿ ਕੇਵਲ ਇੱਕ ਬ੍ਰਿਧ ਆਸ਼ਰਮ ਤੋਂ ਬਿਨਾਂ ਇਸ ਬਜਟ ਵਿੱਚ ਮਾਨਸਾ ਜਿਲ੍ਹੇ ਨੂੰ ਇੱਕ ਰੁਪਿਆ ਵੀ ਵਿਕਾਸ ਕਾਰਜਾਂ ਲਈ ਨਹੀਂ ਦਿੱਤਾ ਗਿਆ। ਇਸ ਬਾਰੇ ਦਸਦਿਆਂ ਐਡਵੋਕੇਟ ਗੁਰਲਾਭ ਸਿੰਘ ਮਾਹਲ ਪ੍ਰਧਾਨ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਨੇ ਦੱਸਿਆ ਕਿ ਮਾਨਸਾ ਜਿਲ੍ਹਾ ਵਾਸੀਆਂ ਨੂੰ ਆਸ ਸੀ ਕਿ ਇਸ ਵਾਰ ਵੋਟਾਂ ਦਾ ਸਾਲ ਹੋਣ ਕਾਰਨ ਮਾਨਸਾ ਜਿਲ੍ਹੇ ਨੂੰ ਸਿਹਤ ਖੇਤਰ ਵਿੱਚ ਕੋਈ ਮੈਡੀਕਲ ਕਾਲਜ ਜਾਂ ਕੋਈ ਵੱਡਾ ਸਰਕਾਰੀ ਹਸਪਤਾਲ ਮਿਲੇਗਾ ਕਿਉਂਕਿ ਮਾਨਸਾ ਜਿਲ੍ਹੇ ਦੇ ਸਰਕਾਰੀ ਹਸਪਤਾਲ ਦੇ ਜਿੱਥੇ ਹਾਲਾਤ ਤਰਸਯੋਗ ਹਨ, ਉਥੇ ਸਪੈਸ਼ਲਿਸਟ ਡਾਕਟਰਾਂ ਅਤੇ ਜਰੂਰੀ ਮਸ਼ੀਨਰੀ ਦੀ ਵੀ ਘਾਟ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਸਰਕਾਰੀ ਹਸਪਤਾਲਾਂ ਦੀਆਂ ਨਾਮ ਨੂੰ ਹੀ ਇਮਾਰਤਾਂ ਹਨ ਕਿਉਂਕਿ ਇੱਥੇ ਕੋਈ ਸਹੂਲਤਾਂ ਤਾਂ ਉਪਲਬਧ ਹੀ ਨਹੀਂ ਹਨ। ਮਾਨਸਾ ਜਿਲ੍ਹੇ ਵਿੱਚ ਪਿਛਲੇ ਸਾਲ ਡੇਂਗੂ ਨੇ ਭਿਆਨਕ ਰੂਪ ਅਖਤਿਆਰ ਕੀਤਾ ਜਿਸ ਦੌਰਾਨ ਲੋਕਾਂ ਨੂੰ ਹੋਰ ਜਿਲ੍ਹਿਆਂ ਅਤੇ ਪ੍ਰਾਈਵੇਟ ਹਸਪਤਾਲਾਂ ਵੱਲ ਜਾਣਾ ਪਿਆ ਅਤੇ ਹੁਣ ਮਾਨਸਾ ਜਿਲ੍ਹੇ ਵਿੱਚ ਸਵਾਈਨ ਫਲੂ ਦਾ ਜ਼ੋਰ ਹੈ ਪਰ ਮਾਨਸਾ ਜਿਲ੍ਹੇ ਦੇ ਤਿੰਨੇ ਵਿਧਾਨ ਸਭਾ ਖੇਤਰਾਂ ਵਿੱਚ ਪੈਂਦੇ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਦੀ ਅਣਹੋਂਦ ਹੈ। ਇਸ ਕਾਰਨ ਮਾਨਸਾ ਸ਼ਹਿਰ ਵਾਸੀਆਂ ਵਿੱਚ ਘੋਰ ਨਿਰਾਸ਼ਾ ਦਾ ਆਲਮ ਹੈ।
ਇਸਤੋਂ ਇਲਾਵਾ ਮਾਨਸਾ ਜਿਲ੍ਹੇ ਨੇ ਖੇਡਾਂ ਦੇ ਖੇਤਰ ਵਿੱਚ ਪਿਛਲੇ ਸਮੇਂ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਿੰਨ੍ਹਾਂ ਨੇ ਵੱਖ ਵੱਖ ਗੇਮਾਂ ਵਿੱਚ ਮੈਡਲ ਲਿਆਂਦੇ ਪਰ ਇਸ ਬਜਟ ਵਿੱਚ ਇਸ ਜਿਲ੍ਹੇ ਨੂੰ ਇੱਕ ਵੀ ਖੇਡ ਸਟੇਡੀਅਮ ਨਹੀਂ ਦਿੱਤਾ ਗਿਆ ਅਤੇ ਮਾਨਸਾ ਜਿਲ੍ਹੇ ਦੇ ਇੱਕੋ ਇੱਕ ਬਹੁਮੰਤਵੀ ਖੇਡ ਸਟੇਡੀਅਮ ਨੂੰ ਪਿਛਲੇ ਇਕ ਸਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਇੱਕ ਰੁਪਏ ਦੀ ਵੀ ਗਰਾਂਟ ਨਹੀਂ ਦਿੱਤੀ ਗਈ। ਇਸ ਸਟੇਡੀਅਮ ਵਿੱਚ ਸਿੰਥੇਟਿਕ ਟਰੈਕ ਦੀ ਜੋ ਮਾਨਸਾ ਦੇ ਖਿਡਰੀਆਂ ਦੀ ਮੰਗ ਸੀ ਉਹ ਵੀ ਅਣਦੇਖੀ ਕਰ ਦਿੱਤੀ ਗਈ ਹੈ ਜਿਸ ਪ੍ਰਤੀ ਖੇਡ ਪ੍ਰੇਮੀ ਨਿਰਾਸ਼ ਹਨ। ਇਸਤੋਂ ਇਲਾਵਾ ਮਾਨਸਾ ਜਿਲ੍ਹਾ ਜੋ ਕਿ ਪਿਛਲੇ ਸਾਲ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਮੋਹਰੀ ਰਿਹਾ ਹੈ, ਨੂੰ ਕੋਈ ਵੀ ਵਿੱਦਿਅਕ ਸੰਸਥਾ ਕਾਲਜ ਜਾਂ ਸਕੂਲ ਆਦਿ ਦੀ ਨਵੀਂ ਸਹੂਲਤ ਇਸ ਬਜਟ ਵਿੱਚ ਨਹੀਂ ਰੱਖੀ ਗਈ ਹੈ। ਇੱਥੋਂ ਤੱਕ ਕਿ ਮਾਨਸਾ ਜਿਲ੍ਹੇ ਦੇ ਇੱਕੋ ਇੱਕ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੀ ਜੋ ਬਿਲਡਿੰਗ ਬਣੀ ਹੋਈ ਹੈ ਉਹ ਖਸਤਾ ਹਾਲਤ ਵਿੱਚ ਹੈ; ਰੈਗੂਲਰ ਪ੍ਰੋਫੈਸਰਾਂ ਦੀ ਨਿਯੁਕਤੀ ਨਾਂ ਮਾਤਰ ਹੈ ਅਤੇ ਜੋ ਕੰਟੀਨ ਇਸ ਕਾਲਜ ਵਿੱਚ ਬਣੀ ਸੀ ਜਿਸਤੇ ਲੱਗਭੱਗ 1 ਕਰੋੜ ਰੁਪਿਆ ਖਰਚ ਆ ਚੁੱਕਿਆ ਹੈ, ਪਿਛਲੇ 3 ਸਾਲਾਂ ਤੌਂ ਇਸਨੂੰ ਮੁਕੰਮਲ ਕਰਨ ਲਈ ਹੋਰ ਲੋੜੀਂਦੇ 10 ਲੱਖ ਰੁਪਏ ਨਾ ਆਉਣ ਕਾਰਨ ਇਹ ਬਿਲਡਿੰਗ ਆਵਾਰਾ ਪਸ਼ੂਆਂ ਦਾ ਰੈਣਬਸੇਰਾ ਬਣ ਕੇ ਰਹਿ ਗਈ ਹੈ। ਮਾਨਸਾ ਜਿਲ੍ਹੇ ਦੇ ਵਸਨੀਕਾਂ ਨੂੰ ਆਸ ਸੀ ਕਿ ਮਾਨਸਾ ਜਿਲ੍ਹੇ ਦੇ ਦੋ ਵਿਧਾਨ ਸਭਾ ਹਲਕੇ ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਦੋ ਸਰਕਾਰੀ ਕਾਲਜਾਂ ਦੀ ਘਾਟ ਵੀ ਪੂਰੀ ਹੋਵੇਗੀ ਪਰ ਉਹ ਵੀ ਸੁਪਨਾ ਬਣ ਕੇ ਹੀ ਰਹਿ ਗਿਆ ਹੈ।
ਇਸਤੋਂ ਇਲਾਵਾ ਮਾਨਸਾ ਵਾਸੀਆਂ ਨੂੰ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਕਾਫੀ ਆਸਾਂ ਸਨ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਇਸ ਜਿਲ੍ਹੇ ਦੇ ਵਸਨੀਕਾਂ ਨੇ ਤਕਰੀਬਨ 25 ਹਜ਼ਾਰ ਵੋਟਾਂ ਦੀ ਲੀਡ ਦਿਵਾਈ ਸੀ ਪਰ ਪੰਜਾਬ ਸਰਕਾਰ ਦੇ ਪਿਛਲੇ ਬਜਟਾਂ ਤੋਂ ਮਾਨਸਾ ਨਿਵਾਸੀਆਂ ਨੂੰ ਨਿਰਾਸ਼ਾ ਹੀ ਮਿਲੀ ਹੈ। ਮਾਨਸਾ ਵਾਸੀ ਅਜੇ ਵੀ ਪੰਜਾਬ ਦੇ ਵਿੱਤ ਮੰਤਰੀ ਤੋਂ ਉਮੀਦ ਕਰਦੇ ਹਨ ਕਿ ਉਹ ਮਾਨਸਾ ਜਿਲ੍ਹੇ ਦੀਆਂ ਸਮੱਸਿਆਵਾਂ ਨੂੰ ਮੁੱਖ ਰਖਦੇ ਹੋਏ ਮਾਨਸਾ ਦੇ ਵਿਕਾਸ ਲਈ ਜਰੂਰੀ ਫੰਡ ਦੇਣ ਸਬੰਧੀ ਜਰੂਰੀ ਕਦਮ ਚੁੱਕਣਗੇ। ਇੰਨ੍ਹਾਂ ਸਮੱਸਿਆਵਾਂ ਤੋਂ ਇਲਾਵਾ ਮਾਨਸਾ ਦੀਆਂ ਸੀਵਰੇਜ, ਸੜਕਾਂ, ਨਸ਼ਾ ਛੁਡਾਊ ਕੇਂਦਰ ਆਦਿ ਸਮੱਸਿਆਵਾਂ ਵੱਲ ਵੀ ਧਿਆਨ ਦੇ ਕੇ ਇੰਨ੍ਹਾਂ ਦੇ ਹੱਲ ਲਈ ਜਰੂਰੀ ਫੰਡਜ਼ ਮੁਹੱਈਆ ਕਰਵਾਏ ਜਾਣ।
EDITED BY : SARA YAHA | | Last Updated : 8:56 pm 19 ਫ਼ਰਵਰੀ 2019






















