ਓ.ਓ.ਏ.ਟੀ. ਕੇਂਦਰ ਹੋ ਰਹੇ ਹਨ ਨਸ਼ਾ ਰੋਗੀਆਂ ਲਈ ਲਾਭਦਾਇਕ ਸਿੱਧ : ਡਿਪਟੀ ਕਮਿਸ਼ਨਰ

0
12

ਮਾਨਸਾ, 08 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ): ਸੂਬੇ ਅੰਦਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਜਿੱਥੇ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਸ਼ਾ ਤਸਕਰਾਂ ‘ਤੇ ਸ਼ਿੰਕਜਾ ਕੱਸਿਆ ਗਿਆ ਹੈ, ਉਥੇ ਨਸ਼ਾ ਰੋਗੀਆਂ ਨੂੰ ਨਸ਼ੇ ਦੀ ਆਦਤ ਤੋਂ ਨਿਜਾਤ ਦਿਵਾਉਣ ਲਈ ਜ਼ਿਲ੍ਹੇ ਅੰਦਰ ਓ.ਓ.ਏ.ਟੀ. (ਆਊਟ ਪੇਸ਼ੈਂਟ ਓਪੀਆਡ ਅਸਿਸਟਡ ਟ੍ਰੀਟਮੈਂਟ) ਕੇਂਦਰ ਸ਼ੁਰੂ ਕੀਤੇ ਗਏ ਹਨ, ਜਿੱਥੇ ਨਸ਼ਾ ਰੋਗੀਆਂ ਨੂੰ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਮਾਨਸਾ ਵਿਖੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਦਾ ਮੌਕਾ ਪ੍ਰਦਾਨ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਅੰਦਰ ਪਹਿਲਾਂ ਤਿੰਨ ਓਟ ਕੇਂਦਰ ਜ਼ਿਲ੍ਹਾ ਨਸ਼ਾ ਮੁਕਤੀ ਤੇ ਮੁੜ ਵਸੇਬਾ ਕੇਂਦਰ ਠੂਠਿਆਂਵਾਲੀ ਰੋਡ ਮਾਨਸਾ, ਸਬ ਡਿਵੀਜ਼ਨਲ ਹਸਪਤਾਲ ਸਰਦੂਲਗੜ੍ਹ ਅਤੇ ਸਬ ਡਿਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਸਥਾਪਤ ਕੀਤੇ ਗਏ ਸਨ ਅਤੇ ਹੁਣ ਝੁਨੀਰ (ਕਮਿਊਨਿਟੀ ਹੈਲਥ ਸੈਂਟਰ) ਅਤੇ ਭੀਖੀ (ਕਮਿਊਨਿਟੀ ਹੈਲਥ ਸੈਂਟਰ) ਵਿਖੇ ਵੀ ਇਨ੍ਹਾਂ ਇਨ੍ਹਾਂ ਕੇਂਦਰਾਂ ਨੂੰ ਸਥਾਪਿਤ ਕੀਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ ਇਹ ਓਟ ਕੇਂਦਰ ਨਸ਼ਾ ਰੋਗੀਆਂ ਦਾ ਇਲਾਜ ਕਰਨ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀ ਸਹੀ ਸੇਧ ਦੇਣ ਵਿੱਚ ਬਹੁਤ ਹੀ ਲਾਭਦਾਇਕ ਸਿੱਧ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਖਿਆਲਾਂ ਕਲਾਂ ਅਤੇ ਬਰੇਟਾ ਵਿਖੇ ਵੀ ਅਜਿਹੇ ਕੇਂਦਰ ਬਣਾਉਣ ਦੀ ਯੋਜਨਾ ਹੈ ਜਿਨ੍ਹਾਂ ਨੂੰ ਜਲਦੀ ਸਥਾਪਤ ਕਰ ਦਿੱਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਮੁਹੱਈਆ ਕਰਵਾਉਂਦਿਆਂ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਨ੍ਹਾਂ ਓ.ਓ.ਏ.ਟੀ. ਕਲੀਨਕਾਂ ਵਿੱਚ ਹੁਣ ਤੱਕ 2220 ਨਸ਼ਾ ਰੋਗੀ ਆਪਣਾ ਇਲਾਜ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਕਾਂ ਵਿੱਚ ਨਸ਼ਾ ਛੱਡਵਾਉਣ ਅਤੇ ਨਸ਼ੇ ਕਾਰਨ ਹੋਏ ਮਾੜੇ ਪ੍ਰਭਾਵਾਂ ਦਾ ਇਲਾਜ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਵਾਈ ਦਾ ਇਹ ਕੋਰਸ ਰੋਗੀ ਦੀ ਹਾਲਤ ਦੇ ਅਨੁਸਾਰ ਸਮਾਂ ਨਿਰਧਾਰਤ ਕਰ ਕੇ ਡਾਕਟਰਾਂ ਦੀ ਮੌਜੂਦਗੀ ਵਿੱਚ ਰੋਗੀ ਨੂੰ ਦਵਾਈ ਖਵਾ ਕੀ ਮੁਕੰਮਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਵਾਈ ਨਸ਼ਾ ਰੋਗੀ ਨੂੰ ਘਰ ਲਿਜਾਣ ਵਾਸਤੇ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਜੋ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੋਵੇ ਜਾਂ ਆਪਣਾ ਇਲਾਜ ਕਰਵਾਉਣਾ ਚਾਹੁੰਦਾ ਹੋਵੇ ਤਾਂ ਉਹ ਨੇੜਲੇ ਓਟ ਕੇਂਦਰਾਂ ਵਿੱਚ ਸੰਪਰਕ ਕਰ ਸਕਦਾ ਹੈ। 
ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ-ਮੁਕਤ ਪੰਜਾਬ ਮੁਹਿੰਮ ਤਹਿਤ ਸਥਾਪਤ ਕੀਤੇ ਗਏ ਇਨ੍ਹਾਂ ਓ.ਓ.ਏ.ਟੀ. ਕੇਂਦਰਾਂ ਵਿੱਚ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਵਿਲੱਖਣ ਸ਼ਨਾਖ਼ਤੀ ਨੰਬਰ ਦਿੱਤਾ ਜਾਂਦਾ ਹੈ, ਜੋ ਆਧਾਰ ਕਾਰਡ ਨਾਲ ਲਿੰਕ ਹੁੰਦਾ ਹੈ। ਓ.ਓ.ਏ.ਟੀ. ਪ੍ਰਾਜੈਕਟ ਅਧੀਨ ਮਰੀਜ਼ ਨੂੰ ਆਨਲਾਈਨ ਪ੍ਰਣਾਲੀ ਰਾਹੀਂ ਰਜਿਸਟਡ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਨੂੰ ਲੋੜੀਂਦੀ ਦਵਾਈ ਉਪਲਬਧ ਕਰਵਾਈ ਜਾਂਦੀ ਹੈ ਅਤੇ ਹੌਲੀ-ਹੌਲੀ ਦਵਾਈ ਘੱਟ ਕਰਕੇ ਮਰੀਜ਼ ਨੂੰ ਨਸ਼ਾ ਮੁਕਤੀ ਤੇ ਮੁੜ-ਵਸੇਬਾ ਕੇਂਦਰ ਵਿਖੇ ਭੇਜ ਦਿੱਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਜਾਂ ਆਸ-ਪਾਸ ਕੋਈ ਵਿਅਕਤੀ ਨਸ਼ਾ ਕਰਦਾ ਹੈ ਤਾਂ ਉਸਨੂੰ ਨਸ਼ਾ ਛੁਡਾਉਣ ਲਈ ਓ.ਓ.ਏ.ਟੀ. ਕੇਂਦਰ ਤੋਂ ਇਲਾਜ ਕਰਾਵਾਉਣ ਲਈ ਪ੍ਰੇਰਿਤ ਕਰਨ।


EDITED BY : SARA YAHA | | Last Updated : 6:50 pm 8 ਫ਼ਰਵਰੀ 2019

LEAVE A REPLY

Please enter your comment!
Please enter your name here