

21 ਦਸੰਬਰ(ਸਾਰਾ ਯਾਹਾ/ਜਗਤਾਰ ਧੰਜਲ) ਸੂਬੇ ਅਤੇ ਜ਼ਿਲ੍ਹਾ ਮਾਨਸਾ ਅੰਦਰ ਰਸੀਦੀ ਟਿਕਟਾਂ ਦੀ ਥੋੜ ਨੇ ਲੋਕਾਂ ਦੇ ਕੰਮ-ਕਾਜ ਖੜ੍ਹਾ ਦਿੱਤੇ ਹਨ।ਖਜਾਨੇ ਤੋਂ ਬਿੱਲ ਪਾਸ ਕਰਵਾਉਣੇ, ਜ਼ਮੀਨਾਂ ਦੇ ਕੰਮ-ਕਾਜ ਅਤੇ ਆੜ੍ਹਤੀਆਂ ਆਦਿ ਦੇ ਲੈਣ-ਦੇਣ ਵਿੱਚ ਇਨ੍ਹਾਂ ਟਿਕਟਾਂ ਦੀ ਵੱਡੇ ਪੱਧਰ ਤੇ ਵਰਤੋਂ ਹੁੰਦੀ ਹੈ।ਪਰ ਹੁਣ ਜਦੋਂ ਕਿਸੇ ਪਾਸੇ ਇਹ ਟਿਕਟਾਂ ਨਹੀਂ ਮਿਲ ਰਹੀਆਂ ਤਾਂ ਲੋਕ ਪ੍ਰੇਸ਼ਾਨ, ਔਖੇ ਅਤੇ ਸਰਕਾਰ ਨੂੰ ਕੋਸਣ ਲੱਗੇ ਹਨ।ਲੰਮੇ ਸਮੇਂ ਤੋਂ ਇਹ ਥੋੜ ਦੇ ਚੱਲਦੇ ਰਾਜ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।ਕਿਸੇ ਵੇਲੇ ਆਮ ਅਤੇ ਆਸਾਨੀ ਨਾਲ ਉਪਲਬਧ ਹੋਣ ਵਾਲੀਆਂ ਇਹ ਰਸੀਦੀ ਟਿਕਟਾਂ ਹੁਣ ਲੱਭਿਆ ਅਤੇ ਖਰੀਦਿਆ ਵੀ ਨਹੀਂ ਮਿਲਦੀਆਂ।ਇਸ ਨੂੰ ਲੈ ਕੇ ਲੋਕਾਂ ਵਿੱਚ ਸ਼ਿਕਾਇਤਾਂ, ਸ਼ਿਕਵੇ ਅਤੇ ਰੋਸ ਹੈ।ਪ੍ਰਾਪਰਟੀ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਬਲਜੀਤ ਸ਼ਰਮਾ ਨੇ ਕਿਹਾ ਕਿ ਰਸੀਦੀ ਟਿਕਟਾਂ ਦੀ ਖਜਾਨੇ ਵਿੱਚੋਂ ਸਰਕਾਰ ਬਿੱਲ ਆਦਿ ਪਾਸ ਕਰਵਾਉਣ, ਸੀ.ਏ ਆਦਿ ਦੇ ਕੰਮਾਂ ਕਾਜਾਂ, ਜ਼ਮੀਨਾਂ ਆਦਿ ਦੇ ਜ਼ਰੂਰੀ ਕੰਮਾਂ, ਦਸਤਾਵੇਜ਼ਾਂ ਵਿੱਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ।ਹੁਣ ਜਦੋਂ ਇਹ ਰਸੀਦੀ ਟਿਕਟਾਂ ਕਿਸੇ ਵੀ ਪਾਸੇ ਨਹੀਂ ਮਿਲ ਰਹੀਆਂ ਤਾਂ ਲੋਕਾਂ ਦੇ ਜ਼ਰੂਰੀ ਕੰਮ-ਕਾਜ ਖੜ੍ਹ ਗਏ ਹਨ।ਉਨ੍ਹਾਂ ਕਿਹਾ ਕਿ ਅੱਜ-ਤੱਕ ਇਹੋ-ਜਿਹੀ ਅਤੇ ਪ੍ਰੇਸ਼ਾਨੀ ਕਦੇ ਵੀ ਨਹੀਂ ਆਈ।ਪਹਿਲੀ ਵਾਰ ਹੋਇਆ ਹੈ ਕਿ ਰਸੀਦੀ ਟਿਕਟਾਂ ਜ਼ਿਲ੍ਹਾ ਮਾਨਸਾ ਅਤੇ ਪੰਜਾਬ ਭਰ ਵਿੱਚ ਕਿਤੇ ਨਹੀਂ ਮਿਲ ਰਹੀਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਟਿਕਟਾਂ ਦੇ ਨਾਲ ਲੋਕਾਂ ਦੇ ਉਕਤ ਅਤੇ ਹੋਰ ਅਨੇਕਾਂ ਕੰਮ ਜੁੜੇ ਹੋਏ ਹਨ।ਰਸੀਦੀ ਟਿਕਟਾਂ ਦੇ ਨਾ ਮਿਲਣ ਕਰਕੇ ਸਾਰੇ ਕੰਮ ਅੜਕੇ ਹੋਏ ਹਨ।ਹੈਰਾਨੀ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ ਇਸ ਥੌੜ੍ਹ ਕਾਰਨ ਪੈਦਾ ਹੋਈ ਦਿੱਕਤ ਦੇ ਬਾਵਜੂਦ ਸਰਕਾਰ ਅਤੇ ਰੈਵੇਨਿਊ ਵਿਭਾਗ ਆਦਿ ਨੇ ਕੋਈ ਵੀ ਯਤਨ ਨਹੀਂ ਕੀਤਾ।ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਆਮ ਤੋਰ ਤੇ ਸੋਖੀ ਰਜਿਸਟਰੀ, ਲੋਕਾਂ ਦੇ ਰੈਵੇਨਿਊ ਨਾਲ ਸਬੰਧਤ ਕੰਮ ਆਸਾਨੀ ਨਾਲ ਹੋਣ ਤੇ ਭ੍ਰਿਸ਼ਟਾਚਾਰ ਰਹਿਤ ਹੋਣ ਦੇ ਦਾਅਵੇ ਕਰਦੀ ਹੈ।ਪਰ ਉਕਤ ਕੰਮਾਂ ਨੂੰ ਲੈ ਕੇ ਕਿਸੇ ਵੇਲੇ ਵੱਡੀ ਮਾਤਰਾ ਵਿੱਚ ਮਿਲਣ ਵਾਲੀ ਰਸੀਦੀ ਟਿਕਟ ਹੁਣ ਗਾਇਬ ਹੈ।ਉਹ ਲੱਭੇ ਤੋਂ ਵੀ ਨਹੀਂ ਮਿਲ ਰਹੀ।ਸਰਕਾਰ ਨੂੰ ਇਸ ਦਾ ਪ੍ਰਬੰਧ ਕਰਨਾ ਚਾਹੀਦਾ ਹੈ।























