*“ਫਿਟ ਫਿਊਜਨ 25”: ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਸਾਲਾਨਾ ਖੇਡ ਮੇਲਾ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ*

0
4

ਕੋਟਭਾਈ  (ਸਾਰਾ ਯਹਾਂ/ਮਨੀਸ਼ ਗਰਗ) : ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਕੋਟਭਾਈ ਵਿਖੇ ਸਾਲਾਨਾ ਖੇਡ ਮੇਲਾ “ਫਿਟ ਫਿਊਜਨ’25” ਬੜੇ ਹੀ ਜੋਸ਼, ਉਤਸ਼ਾਹ ਅਤੇ ਅਨੁਸ਼ਾਸਨ ਭਰੇ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਹ ਖੇਡ ਮੇਲਾ ਸਕੂਲ ਦੀ ਮਾਣਯੋਗ ਪ੍ਰਿੰਸੀਪਲ ਡਾ. ਮਨਿਸ਼ਾ ਗੁਪਤਾ ਜੀ ਦੀ ਯੋਗ ਅਗਵਾਈ ਅਤੇ ਦੂਰਦਰਸ਼ੀ ਦਿਸ਼ਾ-ਨਿਰਦੇਸ਼ ਹੇਠ ਕਰਵਾਇਆ ਗਿਆ, ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਸਰੀਰਕ ਤੰਦਰੁਸਤੀ, ਅਨੁਸ਼ਾਸਨ ਅਤੇ ਟੀਮ ਵਰਕ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।

ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਸੰਦੀਪ ਵਰਮਾ, ਡਿਪਟੀ ਡਾਇਰੈਕਟਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਗੌਰਵਮਈ ਹਾਜ਼ਰੀ ਭਰੀ ਅਤੇ ਉਨ੍ਹਾਂ ਦੇ ਨਾਲ ਹੀ ਗਿੱਦੜਬਾਹਾ ਸ਼ਹਿਰ ਦੇ ਜਾਣੇ ਪਹਿਚਾਣੇ ਉਦਯੋਗਪਤੀ ਸ਼੍ਰੀ ਵਿਕਾਸ ਗਰੋਵਰ ਬਤੌਰ ਮਾਲਕ ਛੇ ਫੋਟੋ ਨਸਵਾਰ ਵਲੋਂ ਆਪਣੀ ਪਤਨੀ ਸ਼੍ਰੀਮਤੀ ਮੋਨਿਕਾ ਨਾਲ ਮੁੱਖ ਤੌਰ ਤੇ ਸ਼ਿਰਕਤ ਕੀਤੀ ਗਈ ।ਇਸ ਤੋਂ ਇਲਾਵਾ ਉੱਘੇ ਤੌਰ ਤੇ ਪਹੁੰਚੇ ਸ਼੍ਰੀ ਪ੍ਰਵੀਨ ਪੁਰੀ ਜੀ ਪ੍ਰਿੰਸੀਪਲ, ਐਸ.ਐੱਸ.ਡੀ . ਲੜਕੇ ਸਕੂਲ ਬਠਿੰਡਾ, ਡਾ. ਰੋਬਿਨ ਐਸ.ਐੱਮ.ਓ.ਦੋਦਾ, ਸ ਮਨਜੀਤ ਸਿੰਘ ਸਿੱਧੂ ਆਰ.ਐੱਸ. ਆਈ.ਟੀ.ਆਈ. ਡਾਇਰੈਕਟਰ,ਪ੍ਰਾਇਮਰੀ ਸਕੂਲ ਕੋਟਭਾਈ ਦੇ ਹੈੱਡ ਟੀਚਰ ਲਾਜਦੀਪ ਸਿੰਘ, ਅਵਤਾਰ ਸਿੰਘ ,ਰੁਪਿੰਦਰ ਕੌਰ ਸੀ ਐਚ ਓ ਕੋਟ ਭਾਈ, ਸਕੂਲ ਮੈਨੇਜਮੈਂਟ ਕਮੇਟੀ ਪ੍ਰਧਾਨ ਬਲਜੀਤ ਕੌਰ ਅਤੇ ਮੈਂਬਰ ਵੀ ਸ਼ਾਮਲ ਰਹੇ।

ਖੇਡ ਮੇਲੇ ਦੀ ਸ਼ੁਰੂਆਤ ਦੀਪ ਪ੍ਰਜਵਲਨ ਦੀ ਪਵਿੱਤਰ ਰਸਮ ਤੋਂ ਬਾਅਦ ਸ਼ਬਦ ਨਾਲ ਕੀਤੀ ਗਈ, ਜਿਸ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਮਾਰਚ ਪੇਸ਼ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਅਨੁਸ਼ਾਸਨ ਅਤੇ ਏਕਤਾ ਦਾ ਅਨੋਖਾ ਪ੍ਰਦਰਸ਼ਨ ਕਰਦਿਆਂ ਸਮਾਂ ਬੰਨ ਦਿੱਤਾ। ਇਸ ਤੋਂ ਬਾਅਦ ਖੇਡ ਸ਼ਪਥ ਦਿਵਾਈ ਗਈ, ਜਿਸ ਰਾਹੀਂ ਖਿਡਾਰੀਆਂ ਨੇ ਇਮਾਨਦਾਰੀ, ਨਿਯਮਾਂ ਦੀ ਪਾਲਣਾ ਅਤੇ ਖੇਡ ਭਾਵਨਾ ਨਾਲ ਖੇਡਣ ਦਾ ਵਚਨ ਲਿਆ।
ਇਹ ਸਲਾਨਾ ਖੇਡ ਮੇਲਾ ਸਕੂਲ ਵਿੱਚ ਚਲਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਅਧੀਨ ਕਰਵਾਇਆ ਗਿਆ ਜਿਸ ਦੌਰਾਨ ਸਕੂਲ ਦੇ ਚਾਰ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ,ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ,ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਹਾਊਸ ਦਰਮਿਆਨ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ 100 ਮੀਟਰ ਅਤੇ 200 ਮੀਟਰ ਦੌੜਾਂ, ਰੀਲੇ ਰੇਸ ਅਤੇ ਰੱਸਾ ਕੱਸੀ ਵਰਗੀਆਂ ਖੇਡਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਮਿੱਟੀ ਨਾਲ ਜੋੜਦੇ ਹੋਏ ਪੁਰਾਤਨ ਖੇਡਾਂ ਲੰਗੜਾ ਸ਼ੇਰ ਅਤੇ ਨਦੀ ਕਿਨਾਰਾ ਵੀ ਕਰਵਾਈਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਜੋਸ਼, ਸਮਰਪਣ ਅਤੇ ਖੇਡ ਭਾਵਨਾ ਨਾਲ ਭਾਗ ਲੈ ਕੇ ਦਰਸ਼ਕਾਂ ਦੀ ਖੂਬ ਵਾਹਾ ਵਾਹੀ ਲੁੱਟੀ ਅਤੇ ਅੰਤ ਵਿੱਚ ਓਵਰ ਆਲ ਟਰਾਫੀ ਪਹਿਲੇ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਨੇ ਆਪਣੇ ਨਾਮ ਕਰਾਈ ਜਿਸ ਦਾ ਸਿਹਰਾ ਹਾਊਸ ਇੰਚਾਰਜ ਅਤੇ ਵਿਦਿਆਰਥੀਆਂ ਦੇ ਸਿਰ ਰਿਹਾ।

ਖੇਡ ਮੁਕਾਬਲਿਆਂ ਦੇ ਨਾਲ-ਨਾਲ ਸੱਭਿਆਚਾਰਕ ਪ੍ਰੋਗਰਾਮਾਂ ਨੇ ਵੀ ਸਮਾਗਮ ਦੀ ਸ਼ੋਭਾ ਵਧਾਈ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਵੈਲਕਮ ਡਾਂਸ, ਲੇਜ਼ੀਅਮ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਸੁੰਦਰ ਉਦਾਹਰਨ ਪੇਸ਼ ਹੋਏ। ਇਸ ਤੋਂ ਇਲਾਵਾ ਜੋਸ਼ ਨਾਲ ਭਰਪੂਰ ਭੰਗੜਾ ਅਤੇ ਸਕੂਲ ਦੇ ਵਿਦਿਆਰਥੀ ਰਿਸ਼ਵਦੀਪ ਵੱਲੋਂ ਪੇਸ਼ ਕੀਤੇ ਸੁਰੀਲੇ ਗੀਤ ਦਰਸ਼ਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਰਹੇ।
ਇਸ ਤੋਂ ਇਲਾਵਾ ਸਕੂਲ ਵਿੱਚ ਚਲਾਏ ਜਾ ਰਹੇ ਸੈਲਫ ਹੈਲਪ ਗਰੁੱਪ ਜਿਸ ਦੇ ਵਿੱਚ ਬੱਚਿਆਂ ਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੇ ਹੁਨਰ ਸਿਖਾਏ ਜਾਂਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਆਉਣ ਵਾਲੀ ਭਵਿੱਖ ਲਈ ਤਿਆਰ ਰਹਿਣ ਦੀ ਖਾਸ ਤੌਰ ਤੇ ਪ੍ਰਦਰਸ਼ਨ ਲਗਾਈ ਗਈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਖਾਦ ਪਦਾਰਥ ਅਤੇ ਸਜਾਵਟ ਦਾ ਸਮਾਨ ਆਏ ਗਏ ਮਹਿਮਾਨਾਂ ਦੇ ਲਈ ਰੱਖਿਆ ਗਿਆ ਜੋ ਖਾਸ ਤੌਰ ਤੇ ਖਿੱਚ ਦਾ ਕੇਂਦਰ ਬਣਿਆ।

ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮਾਣਯੋਗ ਮਹਿਮਾਨਾਂ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਸ਼੍ਰੀ ਸੰਦੀਪ ਵਰਮਾ ਜੀ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਤਮ ਵਿਸ਼ਵਾਸ ਦੇ ਗੁਣਾਂ ਦਾ ਵਿਕਾਸ ਕਰਦੀਆਂ ਹਨ ਅਤੇ ਇਨ੍ਹਾਂ ਨੂੰ ਸਿੱਖਿਆ ਦੇ ਨਾਲ-ਨਾਲ ਅਪਣਾਉਣਾ ਮੌਜੂਦਾ ਸਮੇਂ ਦੀ ਲੋੜ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਦਰਸ਼ ਸਕੂਲ ਕੋਟ ਭਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਕੂਲ 11 ਆਦਰਸ਼ ਸਕੂਲਾਂ ਦੇ ਵਿੱਚੋਂ ਸਿਰਮੌਰ ਸਥਾਨ ਹਾਸਿਲ ਕਰਦਾ ਹੈ ਅਤੇ ਉਮੀਦ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਸਕੂਲ ਦੇ ਵਿਦਿਆਰਥੀ ਆਪਣਾ ਸਿੱਖਿਆ ਅਤੇ ਖੇਡਾਂ ਦੇ ਖੇਤਰ ਦੇ ਵਿੱਚ ਭਰਪੂਰ ਯੋਗਦਾਨ ਪਾਉਂਦੇ ਰਹਿਣਗੇ। ਇਸ ਤੋਂ ਇਲਾਵਾ ਸ੍ਰੀ ਵਿਕਾਸ ਗਰੋਵਰ ਜੀ ਵੱਲੋਂ ਇਸ ਸਮਾਗਮ ਦੇ ਉਤਸ਼ਾਹ ਅਤੇ ਜਲੋਅ ਨੂੰ ਦੇਖਦੇ ਹੋਏ ਸਕੂਲ ਨੂੰ 21000 ਰੁਪਏ ਦੀ ਭੇਟਾ ਦਿੱਤੀ ਗਈ ਜਿਸ ਦਾ ਪ੍ਰਿੰਸੀਪਲ ਮੈਡਮ ਡਾਕਟਰ ਮਨੀਸ਼ਾ ਗੁਪਤਾ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕੀਤਾ ਗਿਆ।

ਇਸ ਮੌਕੇ ਪ੍ਰਿੰਸੀਪਲ ਡਾ. ਮਨਿਸ਼ਾ ਗੁਪਤਾ ਜੀ ਨੇ ਆਏ ਹੋਏ ਸਾਰੇ ਮਹਿਮਾਨਾਂ, ਅਧਿਆਪਕ ਵਰਗ, ਮਾਪਿਆਂ ਅਤੇ ਵਿਦਿਆਰਥੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਲੁਕਵੀਂ ਪ੍ਰਤਿਭਾ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਸਕੂਲ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖੇਗਾ।
ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਕਮਲਪ੍ਰੀਤ ਲੈਕਚਰਾਰ ਫਿਜਿਕਸ ਵੱਲੋਂ ਨਿਭਾਈ ਗਈ ਅਤੇ ਖੇਡ ਗਤੀਵਿਧੀਆਂ ਦੇ ਵਿੱਚ ਮੁੱਖ ਭੂਮਿਕਾ ਜਗਦੀਸ਼ ਸਿੰਘ ਡੀਪੀ ਦੇ ਨਾਲ ਸਕੂਲ ਦੇ ਅਧਿਆਪਕ ਜਗਦੇਵ ਸਿੰਘ ,ਜਸਵੀਰ ਸਿੰਘ ਕੁਲਦੀਪ ਸਿੰਘ, ਅਮਰਨਾਥ ਕੁਰਸ਼ੈਦ ਖਾਂ ਦੇ ਅਣਥੱਕ ਸਹਿਯੋਗ ਦੇ ਨਾਲ ਸੰਪੂਰਨ ਕੀਤੀਆਂ ਗਈਆਂ। ਇਸ ਦੇ ਨਾਲ ਹੀ ਅਨੁਸ਼ਾਸਨ ਅਤੇ ਆਏ ਹੋਏ ਮਹਿਮਾਨਾਂ ਦੇ ਸਵਾਗਤ ਦੇ ਵਿੱਚ ਸਕੂਲ ਐਕਟੀਵਿਟੀ ਇੰਚਾਰਜ ਮਨਦੀਪ ਕੌਰ,ਪੂਨਮ ਰਾਣੀ ,ਹਰਪ੍ਰੀਤ ਕੌਰ ਸੋਨੀਆ ਰਾਣੀ , ਮੀਨਾ ਅਰੋੜਾ,ਸਵਾਤੀ ਬਵੇਜਾ, ਰਮਨਦੀਪ ਕੌਰ, ਅਨੀਤਾ ਰਾਣੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਮੀਤ ਕੌਰ, ਗੁਰਮੀਤ ਸਿੰਘ, ਰਮਨਦੀਪ ਕੌਰ , ਗੁਰਦੀਪ ਸਿੰਘ , ਰਾਜਵੀਰ ਕੌਰ ਸੀਨੀਅਰ ਵਿੰਗ ਅਤੇ ਜੂਨੀਅਰ ਵਿੰਗ ਦੇ ਵਿੱਚ ਸ਼ਿੰਦਰਪਾਲ ਕੌਰ, ਮਨਿੰਦਰ ਕੌਰ ਕੁਲਵੀਰ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ ਦਾ ਭਰਪੂਰ ਯੋਗਦਾਨ ਰਿਹਾ ਅਤੇ ਸਮੂਹ ਸਕੂਲ ਸਟਾਫ ਮੌਜੂਦ ਰਿਹਾ।

LEAVE A REPLY

Please enter your comment!
Please enter your name here