

ਮਾਨਸਾ, 30 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) -ਸ਼ਨੀਵਾਰ ਨੂੰ ਕੋਰਟ ਕੰਪਲੈਕਸ ਵਿਚ ਵਕੀਲ ਅਮਨਦੀਪ ਕਾਂਸਲ ਤੇ ਇਕ ਗੱਡੀ ਚੜਾਅ ਕੇ ਜਖ਼ਮੀ ਕਰ ਦੇਣ ਦਾ ਮਾਮਲਾ ਉਨ੍ਹਾਂ ਵਲੋਂ ਰੇਪ ਮਾਮਲੇ ਦੇ ਕੇਸ ਲੜੇ ਜਾਣ ਦਾ ਨਿੱਕਲਿਆ ਹੈ। ਹਾਲਾਂਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰ ਰਹੀ ਹੈ ਪਰ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਵਕੀਲ ਅਮਨਦੀਪ ਕਾਂਸਲ ਇਕ ਜਬਰ ਜਿਨਾਹ ਮਾਮਲੇ ਵਿਚ ਦੋਸ਼ੀ ਪੱਖ ਦੀ ਵਕਾਲਤ ਕਰਦੇ ਸਨ। ਜਿਸ ਨੂੰ ਲੈ ਕੇ ਉਨ੍ਹਾਂ ਤੇ ਇਹ ਹਮਲਾ ਕੀਤਾ ਗਿਆ ਹੈ। ਥਾਣਾ ਸਿਟੀ 2 ਮਾਨਸਾ ਦੀ ਪੁਲਸ ਨੇ ਸ਼ਿਵ ਸ਼ੰਕਰ ਵਾਸੀ ਮਾਨਸਾ ਨਾਮੀ ਵਿਅਕਤੀ ਤੋਂ ਇਲਾਵਾ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਿਕਰਯੋਗ ਹੈ ਕਿ ਸ਼ਨੀਵਾਰ ਦੀ ਸਵੇਰ ਕੋਰਟ ਕੰਪਲੈਕਸ ਦੇ ਬਾਹਰ ਖੜ੍ਹੇ ਵਕੀਲ ਅਮਨਦੀਪ ਕਾਂਸਲ ਤੇ ਇਕ ਵਿਅਕਤੀ ਨੇ ਗੱਡੀ ਚੜ੍ਹਾ ਦਿੱਤੀ ਸੀ। ਜਿਸ ਵਿਚ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਡੀ.ਐਮ.ਸੀ ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਐਤਵਾਰ ਨੂੰ ਉਨ੍ਹਾਂ ਦੀ ਸਿਹਤ ਵਿਚ ਕੁੱਝ ਸੁਧਾਰ ਹੋਣਾ ਦੱਸਿਆ ਗਿਆ ਹੈ ਪਰ ਅਜੇ ਉਹ ਜੇਰੇ ਇਲਾਜ ਹਨ। ਇਸ ਨੂੰ ਲੈ ਕੇ ਬਾਰ ਐਸੋਸੀਏਸ਼ਨ ਜ਼ਿਲਾ ਮਾਨਸਾ ਨੇ ਰੋਸ ਪ੍ਰਗਟਾਉਂਦਿਆਂ ਦਿਨ ਦਿਹਾੜੇ ਇਕ ਵਕੀਲ ਤੇ ਹਮਲਾ ਕਰਨ ਦੀ ਨਿੰਦਾ ਕਰਦਿਆਂ ਮੁਲਜਮ ਖਿਲਾਫ਼ ਕਾਰਵਾਈ ਕਰਕੇ ਛੇਤੀ ਉਸ ਦੀ ਭਾਲ ਕਰਨ ਦੀ ਮੰਗ ਕੀਤੀ ਸੀ। ਪਹਿਲਾਂ ਪੁਲਸ ਲਈ ਇਹ ਮਾਮਲਾ ਇਕ ਭੇਦ ਬਣਿਆ ਰਿਹਾ ਪਰ ਇਸ ਘਟਨਾ ਵਿਚ ਵਰਤੀ ਗਈ ਗੱਡੀ ਅਤੇ ਹੋਰ ਤੱਥਾਂ ਦੇ ਅਧਾਰ ਤੇ ਵਕੀਲ ਅਮਨਦੀਪ ਕਾਂਸਲ ਦੇ ਪਰਿਵਾਰ ਦੇ ਬਿਆਨਾਂ ਤੇ ਪੁਲਸ ਨੇ ਸ਼ਿਵ ਸ਼ੰਕਰ ਵਾਸੀ ਮਾਨਸਾ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਵਕੀਲ ਦੇ ਮੁਨਸ਼ੀ ਨੇ ਦੱਸਿਆ ਕਿ ਉਹ ਇਕ ਜਬਰ ਜਨਾਹ ਦੇ ਮਾਮਲੇ ਵਿਚ ਮੁਜਰਮ ਵਿਅਕਤੀ ਦੀ ਵਕਾਲਤ ਕਰ ਰਿਹਾ ਹੈ। ਜਿਸ ਨੂੰ ਲੈ ਕੇ ਦੂਜੀ ਧਿਰ ਨੇ ਉਨ੍ਹਾਂ ਤੇ ਇਹ ਹਮਲਾ ਕੀਤਾ ਹੈ। ਥਾਣਾ ਸਿਟੀ 2 ਦੇ ਮੁਖੀ ਗੁਰਤੇਜ ਸਿੰਘ ਨੇ ਦੱਸਿਆ ਕਿ ਸ਼ਿਵ ਸ਼ੰਕਰ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬਾਰੀਕੀ ਨਾਲ ਜਾਂਚ ਕਰਨ ਤੇ ਹੀ ਇਸ ਮਾਮਲੇ ਦੀ ਸਾਰੀ ਕਹਾਣੀ ਸਪੱਸ਼ਟ ਹੋਵੇਗੀ।






















