ਘਰ-ਘਰ ਰੁਜ਼ਗਾਰ ਸਕੀਮ ਤਹਿਤ ਅਪ੍ਰੈਲ 2018 ਤੋਂ 10764 ਨੌਜਵਾਨਾਂ ਦਾ ਬਾਇਓਡਾਟਾ ਕੀਤਾ ਅਪਲੋਡ

0
19

ਮਾਨਸਾ, 06 ਦਸੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਸਕੀਮ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੇ ਉਦੇਸ਼ ਤਹਿਤ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਕਾਰੋਬਾਰੀ ਬਿਊਰੋ ਦਫ਼ਤਰ ਦੀ ਇਮਾਰਤ ਵਿਖੇ ਰੋਜ਼ਾਨਾ ਨੌਜਵਾਨਾਂ ਦਾ ਬਾਇਓਡਾਟਾ ਆਨ-ਲਾਈਨ ਪ੍ਰਣਾਲੀ ਰਾਹੀਂ ਪੰਜਾਬ ਸਰਕਾਰ ਦੀ ਵੈੱਬਸਾਈਟ www.ghargharrozgar.punjab.gov.in ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਕੁੱਲ 4900 ਵਰਗ ਫ਼ੁਟ ‘ਚ ਤਿਆਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਸ ਇਮਾਰਤ ਵਿੱਚ ਵਿਸ਼ੇਸ਼ੀਕ੍ਰਿਤ ਕਮਰੇ ਬਣਾਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਸੇਵਾ ਕੇਂਦਰ ਦੀ ਉਪਰਲੀ ਮੰਜ਼ਲ ‘ਤੇ ਸਥਿਤ ਇਸ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੀ ਇਮਾਰਤ ਨੂੰ 21 ਨਵੰਬਰ ਨੂੰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਦੱਸਿਆ ਕਿ ਅਪ੍ਰੈਲ 2018 ਤੋਂ ਲੈ ਕੇ 5 ਦਸੰਬਰ 2018 ਤੱਕ ਇਸ ਦਫ਼ਤਰ ਵੱਲੋਂ 10764 ਨੌਜਵਾਨਾਂ ਦਾ ਬਾਇਓਡਾਟਾ ਆਨਲਾਈਨ ਅਪਲੋਡ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਦਫ਼ਤਰ ਵਿਖੇ 16 ਤੋਂ 50 ਸਾਲ ਦਰਮਿਆਨ ਉਮਰ ਦੇ ਚਾਹਵਾਨ ਸਿੱਧੇ ਤੌਰ ‘ਤੇ ਵੀ ਪਹੁੰਚ ਕਰ ਸਕਦੇ ਹਨ।
ਜ਼ਿਲ੍ਹਾ ਰੁਜ਼ਗਾਰ ਅਫ਼ਸਰ ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਸ ਦਫ਼ਤਰ ਵਿਖੇ ਪਹੁੰਚ ਕਰਨੇ ਵਾਲੇ ਨੌਜਵਾਨਾਂ ਦੀ ਸਹੂਲਤ ਲਈ ਪੁੱਛਗਿੱਛ ਕੇਂਦਰ, ਰਜਿਸਟ੍ਰੇਸ਼ਨ ਕੇਂਦਰ, ਇੰਤਜ਼ਾਰ ਕਮਰਾ, ਇੰਟਰਵਿਊ ਰੂਮ, ਕਾਨਫ਼ਰੰਸ ਰੂਮ, ਲਾਈਨ ਡਿਪਾਟਰਟਮੈਂਟ ਆਫ਼ੀਸਰ ਸੈਕਸ਼ਨ, ਵਿਦੇਸ਼ੀ ਪ੍ਰਵਾਸ ਅਤੇ ਸਵੈ ਰੁਜ਼ਗਾਰ ਕੇਂਦਰ, ਪਲੇਸਮੈਂਟ ਆਫ਼ੀਸਰ ਤੇ ਕਰੀਅਰ ਕੌਂਸਲਰ ਰੂਮ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਸ਼ੇਸ਼ ਤੌਰ ‘ਤੇ ਇੱਕ ਕਿਓਸਕ ਮਸ਼ੀਨ ਵੀ ਰੱਖੀ ਗਈ ਹੈ, ਜਿਸ ਵਿੱਚ ਨੌਜਵਾਨ ਖੁਦ-ਬ-ਖੁਦ ਵੀ ਆਪਣਾ ਬਾਇਓਡਾਟਾ ਆਨ-ਲਾਈਨ ਪ੍ਰਣਾਲੀ ਰਾਹੀਂ ਪੰਜਾਬ ਸਰਕਾਰ ਦੀ ਵੈਬਸਾਈਟ ‘ਤੇ ਅਪਲੋਡ ਕਰ ਸਕਦੇ ਹਨ।
ਸ੍ਰੀ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਦਫ਼ਤਰ ਵਿਖੇ ਰਜਿਸਟਰਡ ਹੋਏ ਨੌਜਵਾਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਰੁਜ਼ਗਾਰਦਾਤਾ ਦੀ ਲੋੜ ਮੁਤਾਬਿਕ ਪਲਸਮੈਂਟ ਲਈ ਮੋਬਾਈਲ, ਈ-ਮੇਲ ਅਤੇ ਫ਼ੋਨ ਰਾਹੀਂ ਸੂਚਿਤ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਉਤਪਤੀ ਤੇ ਕਾਰੋਬਾਰੀ ਬਿਊਰੋ ਦਫ਼ਤਰ ਵਿਖੇ ਕੰਮਕਾਜ ਦਾ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 6 ਵਜੇ ਤੱਕ ਅਤੇ ਸ਼ਨੀਵਾਰ ਵਾਲੇ ਦਿਨ 10 ਵਜੇ ਤੋਂ 2 ਵਜੇ ਤੱਕ ਹੈ। ਉਨ੍ਹਾਂ ਦੱਸਿਆ ਅਪ੍ਰੈਲ 2018 ਤੋਂ ਹੁਣ ਤੱਕ ਜ਼ਿਲੇ ਵਿੱਚ 18 ਰੁਜ਼ਗਾਰ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਵੱਖ-ਵੱਖ ਕੰਪਨੀਆਂ ਵੱਲੋ 900 ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਸ ਦਫ਼ਤਰ ਵੱਲੋਂ ਹਰ ਮਹੀਨੇ 2 ਰੁਜ਼ਗਾਰ ਮੇਲੇ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦਾ ਦੂਜਾ ਰੁਜ਼ਗਾਰ ਮੇਲਾ 12 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਆਈ ਟੀ ਆਈ ਭੈਣੀ ਬਾਘਾ ਮਾਨਸਾ ਵਿਖੇ ਹੀਰੋ ਮੋਟਰਕੋਰਪ ਲਿਮਟਿਡ ਵੱਲੋਂ ਲਗਾਇਆ ਜਾ ਰਿਹਾ ਹੈ ਜਿਸ ਵਿੱਚ 18 ਤੋਂ 24 ਸਾਲ ਤੱਕ ਦੇ ਨੌਜਵਾਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਕੰਪਨੀ ਵੱਲੋਂ ਵੈਲਡਰ, ਫਿੱਟਰ, ਟਰਨਰ, ਮਕੈਨਿਸਟ, ਇਲੈਕਟ੍ਰੋਨਿਕ, ਮਕੈਨਿਕ ਡੀਜ਼ਲ, ਟਰੈਕਟਰ ਮਕੈਨਿਕ, ਪੇਂਟਰ, ਇੰਸਟਰੂਮੈਂਟ ਮਕੈਨਿਕ ਦੀ ਚੋਣ ਕੀਤੀ ਜਾਣੀ ਹੈ।


EDITED BY : SARA YAHA | | Last Updated :7:44 PM 6 ਦਸੰਬਰ  2018

LEAVE A REPLY

Please enter your comment!
Please enter your name here