

ਗੋਲਡ ਕੋਸਟ(ਸਾਰਾ ਯਾਹਾ) : ਭਾਰਤੀ ਪਹਿਲਵਾਨਾਂ ਨੇ ਕੁਸ਼ਤੀ ਵਿੱਚ ਵੀ ਦੇਸ਼ ਦਾ ਝੰਡਾ ਬੁਲੰਦ ਕਰ ਦਿੱਤਾ ਹੈ। ਬਬਿਤਾ ਫੋਗਾਟ ਨੇ ਚਾਂਦੀ ਦੇ ਤਗ਼ਮੇ ਨਾਲ ਪਹਿਲਵਾਨੀ ਵਿੱਚ ਦੇਸ਼ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਰਾਹੁਲ ਅਵਾਰੇ ਨੇ ਸੋਨ, ਕਿਰਨ ਨੇ ਕਾਂਸੇ ਤੇ ਸੁਸ਼ੀਲ ਕੁਮਾਰ ਨੇ ਸੋਨ ਦਾ ਤਗ਼ਮਾ ਹਾਸਲ ਕੀਤਾ। ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ 74 ਕਿੱਲੋ ਭਾਰ ਸ਼੍ਰੇਣੀ ਦੀ ਖੁੱਲ੍ਹੀ ਕੁਸ਼ਤੀ (ਫ੍ਰੀਸਟਾਈਲ) ਕੁਸ਼ਤੀ ਵਿੱਚ ਦੱਖਣੀ ਅਫ਼ਰੀਕਾ ਦੇ ਬੋਥਾ ਜੋਹਾਨਸ ਨੂੰ ਹਰਾ ਦੇ ਸੋਨ ਤਗ਼ਮਾ ਆਪਣੇ ਨਾਂਅ ਕੀਤਾ। ਇਨ੍ਹਾਂ ਰਾਸ਼ਟਰਮੰਡਲ ਖੇਡਾਂ ਦੇ ਇਸ ਫੈਸਲਾਕੁੰਨ ਮੈਚ ਤੋਂ ਪਹਿਲਾਂ 34 ਸਾਲਾ ਪਹਿਲਵਾਨ ਸੁਸ਼ੀਲ ਨੇ ਆਪਣੇ ਵਿਰੋਧੀਆਂ ਨੂੰ 11-0, 10-0 ਤੇ 4-0 ਨਾਲ ਹਰਾ ਚੁੱਕੇ ਹਨ। ਸੁਸ਼ੀਲ ਓਲੰਪਿਕ ਵਿੱਚ ਚਾਂਦੀ ਤੇ ਕਾਂਸੇ ਦਾ ਤਗ਼ਮਾ ਜਿੱਤ ਚੁੱਕੇ ਹਨ ਤੇ 2010 ‘ਚ ਕੁਸ਼ਤੀ ਚੈਂਪੀਅਨ ਦਾ ਖ਼ਿਤਾਬ ਹਾਸਲ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਪਹਿਲਵਾਨ ਰਾਹੁਲ ਅਵਾਰੇ ਨੇ ਪੁਰਸ਼ਾਂ ਦੇ 57 ਕਿੱਲੋ ਭਾਰ ਵਰਗ ਵਿੱਚ ਕੈਨੇਡਾ ਦੇ ਸਟੀਵਨ ਤਾਕਾਹਾਸੀ ਨੂੰ 3-1 ਨਾਲ ਮਾਤ ਦੇ ਕੇ ਗੋਲਡ ਮੈਡਲ ‘ਤੇ ਕਬਜ਼ਾ ਕਰ ਲਿਆ। ਉੱਧਰ ਦੂਜੇ ਪਾਸੇ ਮਹਿਲਾਵਾਂ ਦੇ 53 ਕਿੱਲੋ ਭਾਰ ਵਰਗ ਵਿੱਚ ਬਬਿਤਾ ਫੋਗਾਟ ਕੈਨੇਡਾ ਦੀ ਡਿਆਨਾ ਵੇਇੱਕਰ ਤੋਂ 2-5 ਨਾਲ ਹਾਰ ਗਈ। ਉਨ੍ਹਾਂ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਇਸ ਤੋਂ ਬਾਅਦ ਮਹਿਲਾਵਾਂ ਦੀ 76 ਕਿੱਲੋ ਭਾਰ ਸ਼੍ਰੇਣੀ ਦੀ ਖੁੱਲ੍ਹੀ ਕੁਸ਼ਤੀ (ਫ੍ਰੀਸਟਾਈਲ) ਵਿੱਚ ਭਾਰਤੀ ਪਹਿਲਵਾਨ ਕਿਰਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਉਸ ਨੇ ਮੌਰੇਸ਼ਿਸ਼ ਦੀ ਕਾਤੂਉਸਕੀਆ ਪਰਿਧਾਵੇਨ ਨੂੰ 10-0 ਨਾਲ ਕਰਾਰੀ ਹਾਰ ਦਿੱਤੀ।


















