ਤੰਦਰੁਸਤ ਮਿਸ਼ਨ ਤਹਿਤ ਜ਼ਿਲ੍ਹੇ ਦੇ ਪੰਜੇ ਬਲਾਕਾਂ ਵਿੱਚ ਬਣਨਗੇ 154 ਖੇਡ ਮੈਦਾਨ

0
25

ਮਾਨਸਾ, 20 ਨਵੰਬਰ (ਹੀਰਾ ਸਿੰਘ ਮਿੱਤਲ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਵੱਲੋਂ ਮਾਨਸਾ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਵੱਡੀ ਗਿਣਤੀ ਵਿੱਚ ਖੇਡ ਮੈਦਾਨ ਤਿਆਰ ਕਰਵਾਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਇਸ ਸਬੰਧੀ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਤੰਦਰੁਸਤ ਮਿਸ਼ਨ ਤਹਿਤ ਜ਼ਿਲ੍ਹੇ ਅੰਦਰ 154 ਖੇਡ ਮੈਦਾਨ ਮਗਨਰੇਗਾ ਸਕੀਮ ਅਧੀਨ ਤਿਆਰ ਕੀਤੇ ਜਾਣੇ ਹਨ, ਜਿੱਥੇ ਨੌਜਵਾਨਾਂ ਨੂੰ ਆਪਣੀ ਖੇਡ ਦਾ ਅਭਿਆਸ ਕਰਨ ਲਈ ਦੂਰ-ਦੁਰਾਡੇ ਜਾਣ ਦੀ ਬਜਾਏ ਪਿੰਡ ਜਾਂ ਪਿੰਡ ਲਾਗੇ ਹੀ ਖੇਡ ਮੈਦਾਨ ਮਿਲ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਲਾਕ ਭੀਖੀ ਵਿੱਚ 32, ਬੁਢਲਾਡਾ ਵਿੱਚ 36, ਝੁਨੀਰ ਵਿੱਚ 26, ਮਾਨਸਾ ਵਿਖੇ 31 ਅਤੇ ਸਰਦੂਲਗੜ੍ਹ ਵਿੱਚ 29 ਖੇਡ ਮੈਦਾਨ ਤਿਆਰ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਵਿੱਚੋਂ ਪੰਜੇ ਬਲਾਕਾਂ ਵਿੱਚ 11 ਖੇਡ ਮੈਦਾਨਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ ਜਲਦ ਹੀ ਬਣ ਕੇ ਤਿਆਰ ਹੋ ਜਾਣਗੇ।
ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਦੇ ਤਿਆਰ ਹੋਣ ਨਾਲ ਮਾਨਸਾ ਜ਼ਿਲ੍ਹੇ ਦੇ ਨੌਜਵਾਨਾਂ ਖਿਡਾਰੀਆਂ ਨੂੰ ਬਹੁਤ ਲਾਭ ਪੰਹੁਚੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਕਈ ਖਿਡਾਰੀ ਅੱਜ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣੀਆਂ ਖੇਡਾਂ ਦਾ ਲੋਹਾ ਮੰਨਵਾ ਚੁੱਕੇ ਹਨ ਅਤੇ ਇਨ੍ਹਾਂ ਖੇਡ ਮੈਦਾਨਾਂ ਦੇ ਤਿਆਰ ਹੋਣ ਨਾਲ ਖਿਡਾਰੀਆਂ ਦੀ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਵੇਗਾ ਅਤੇ ਜ਼ਿਲ੍ਹੇ ਵਿੱਚੋਂ ਵੱਡੇ ਪੱਧਰ ‘ਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖਿਡਾਰੀ ਤਿਆਰ ਹੋ ਸਕਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬਣਨ ਜਾ ਰਹੇ ਇਨ੍ਹਾਂ ਮੈਦਾਨਾਂ ਵਿੱਚ ਪ੍ਰਤੀ ਮੈਦਾਨ ਤਕਰੀਬਨ 3-4 ਲੱਖ ਰੁਪਏ ਦਾ ਖਰਚ ਆਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਦਾਨਾ ਵਿੱਚ ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਕਬੱਡੀ ਅਤੇ ਅਥਲੈਟਿਕਸ ਟਰੈਕ ਤਿਆਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਲਾਕ ਭੀਖੀ ਵਿਖੇ 2, ਬੁਢਲਾਡਾ ਵਿਖੇ 5 ਝੁਨੀਰ ਵਿਖੇ 1, ਮਾਨਸਾ ਵਿਖੇ 2 ਅਤੇ ਸਰਦੂਲਗੜ੍ਹ ਵਿਖੇ 1 ਖੇਡ ਮੈਦਾਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ।


EDITED BY : SARA YAHA | | Last Updated : 6:55 PM 19 ਨਵੰਬਰ 2018

LEAVE A REPLY

Please enter your comment!
Please enter your name here