ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ, ਸੁੰਦਰ ਜਲੌ ਤੇ ਗੁਰਮਤਿ ਸਮਾਗਮ ਅੱਜ

0
17

ਅੰਮ੍ਰਿਤਸਰ (ਸਾਰਾ ਯਹਾ )–ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 10 ਸਤੰਬਰ ਨੂੰ ਸਿੱਖ ਜਗਤ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ  ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫੁੱਲਾਂ ਨਾਲ ਕੀਤੀ ਗਈ ਸਜਾਵਟ  ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ,  ਸ੍ਰੀ ਅਕਾਲ ਤਖਤ ਸਾਹਿਬ, ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ ਤੇ ਦਰਸ਼ਨੀ ਡਿਓਢੀ ਸਮੇਤ ਹੋਰ  ਅਨੇਕਾਂ ਥਾਵਾਂ ਨੂੰ ਖੂਬਸੂਰਤ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਸੱਚਖੰਡ ਸ੍ਰੀ  ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਇਹ ਸਜਾਵਟ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀ ਹੈ।

PunjabKesari
ਇਸ  ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ  ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਵਾਸੀ ਗੁਰੂ  ਘਰ ਦੇ ਸ਼ਰਧਾਲੂ ਕੇ. ਕੇ. ਸ਼ਰਮਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਫੁੱਲਾਂ ਦੀ  ਸੇਵਾ ਕਰਵਾਈ ਗਈ ਹੈ ਤੇ ਇਸ ਵਿਚ ਸੁਰਿੰਦਰਪਾਲ ਸਿੰਘ ਤੇ ਉਸ ਦੇ ਪਰਿਵਾਰ ਦਾ ਵੀ  ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਸੇਵਾ ਕਰਵਾ ਰਹੇ ਸ਼ਰਧਾਲੂਆਂ ਵੱਲੋਂ 100 ਕੁਇੰਟਲ ਦੇ ਕਰੀਬ ਵੱਖ-ਵੱਖ ਦੇਸ਼ਾਂ ਤੋਂ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ’ਚ  ਮਲੇਸ਼ੀਆ, ਥਾਈਲੈਂਡ, ਕੀਨੀਆ, ਸਿੰਗਾਪੁਰ, ਆਸਟਰੇਲੀਆ ਆਦਿ ਮੁੱਖ ਹਨ। ਵਿਸ਼ੇਸ਼ ਏ. ਸੀ. ਟਰੱਕਾਂ ਰਾਹੀਂ ਲਿਆਂਦੇ ਫੁੱਲ ਬਿਲਕੁਲ ਤਰੋ-ਤਾਜ਼ਾ ਹਨ ਅਤੇ ਇਨ੍ਹਾਂ ’ਚੋਂ ਕਈ ਅਜਿਹੇ ਹਨ ਜੋ ਲੰਮਾਂ ਸਮਾਂ ਖਰਾਬ ਵੀ ਨਹੀਂ ਹੋਣਗੇ।
ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ  ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਬੀਤੇ ਦਿਨਾਂ ਤੋਂ ਗੁ. ਸ੍ਰੀ ਰਾਮਸਰ  ਸਾਹਿਬ ਵਿਖੇ ਲਗਾਤਾਰ ਕਥਾ-ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਸੋਮਵਾਰ ਨੂੰ ਗੁਰਪੁਰਬ ਮੌਕੇ ਸਿੱਖ ਰਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਸੰਪਾਦਨਾ ਅਸਥਾਨ ਗੁ. ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ  ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਦੇ ਵੀ  ਸੰਗਤਾਂ ਦਰਸ਼ਨ ਕਰ ਸਕਣਗੀਆਂ। ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ। ਰਾਤ  ਨੂੰ ਗੁ. ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਵੀ  ਹੋਵੇਗਾ, ਜਿਸ ਵਿਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਤੇ ਕਥਾਵਾਚਕ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਸਬੰਧੀ ਸੰਗਤ ਵਿਚ ਭਾਰੀ ਉਤਸ਼ਾਹ ਹੈ।


EDITED BY : SARA YAHA | | Last Updated : 2:੧7 pm 10 September  2018

LEAVE A REPLY

Please enter your comment!
Please enter your name here