ਏਸ਼ੀਆਈ ਖੇਡਾਂ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਜ਼ਿਲ੍ਹਾ ਮਾਨਸਾ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ

0
36
ਮਾਨਸਾ, 7 ਸਤੰਬਰ (ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਵਰਨ, ਸੁਖਮੀਤ ਅਤੇ ਮਨਪ੍ਰੀਤ ਕੌਰ ਨੂੰ ਮਾਨਸਾ ਦੇ ਸਿਰ ਤੇ ਸੋਨੇ—ਚਾਂਦੀ ਦੀ ਕਲਗੀ ਸਜਾਉਣ ਵਾਲੇ ਖਿਡਾਰੀ ਐਲਾਨਦਿਆਂ ਮਾਨਸਾ ਪੁੱਜਣ ’ਤੇ ਇਨ੍ਹਾਂ ਖਿਡਾਰੀਆਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਬੱਚਤ ਭਵਨ ਵਿਖੇ ਇਕ ਜਿਲ੍ਹਾ ਪੱਧਰੀ ਸਮਾਰੋਹ ਦੌਰਾਨ ਅੱਜ ਸਨਮਾਨਿਤ ਕੀਤਾ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਖੇ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਮਗ਼ੇ ਫੁੰਡਣ ਵਾਲੇ ਸਟਾਰ ਖਿਡਾਰੀਆਂ ਸਵਰਨ ਸਿੰਘ, ਸੁਖਮੀਤ ਸਿੰਘ ਅਤੇ ਮਨਪ੍ਰੀਤ ਕੌਰ ਦਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਥਾਨਕ ਬੱਚਤ ਭਵਨ ਵਿਖੇ ਰੱਖੇ ਸਨਮਾਨ ਸਮਾਰੋਹ ਦੌਰਾਨ ਜ਼ਿਲ੍ਹਾ ਮਾਨਸਾ ਦਾ ਨਾਂ ਕੌਮਾਂਤਰੀ ਪੱਧਰ ’ਤੇ ਰੌਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਨੌਜਵਾਨਾਂ ਲਈ ਪ੍ਰੇਰਣਾਸਰੋਤ ਅਤੇ ਮਾਨਸਾ ਦੇ ਸਿਰ ਦਾ ਤਾਜ ਕਰਾਰ ਦਿੱਤਾ। ਉਨ੍ਹਾਂ ਕਿਹਾ, ‘‘ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕਰਦਿਆਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ।’’
ਉਨ੍ਹਾਂ ਉਮੀਦ ਜਤਾਈ ਕਿ ਸਾਰੇ ਖਿਡਾਰੀ ਨੌਜਵਾਨੀ ਨੂੰ ਨਿਰੰਤਰ ਸੇਧ ਦੇਣ ਲਈ ਇਸੇ ਤਰ੍ਹਾਂ ਮੋਹਰੀ ਭੂਮਿਕਾ ਨਿਭਾਉਂਦੇ ਰਹਿਣਗੇ ਅਤੇ ਦੇਸ਼, ਸੂਬੇ ਤੇ ਜ਼ਿਲ੍ਹੇ ਲਈ ਤਮਗ਼ੇ ਜਿੱਤਦੇ ਰਹਿਣਗੇ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ, ‘‘ਜਦੋਂ ਸਵਰਨ ਸਿੰਘ ਵੱਲੋਂ ਸੋਨ ਤਮਗ਼ਾ ਜਿੱਤਣ ਸਬੰਧੀ ਆਪਣੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਤਾਂ ਉਸ ਦੇ ਹੱਥਾਂ ’ਤੇ ਦਿੱਸ ਰਹੇ ਅੱਟਣਾਂ ਤੋਂ ਸਾਫ਼ ਪਤਾ ਚਲਦਾ ਸੀ ਕਿ ਉਨ੍ਹਾਂ ਨੇ ਇਸ ਮੁਕਾਮ ਤੱਕ ਪੁੱਜਣ ਲਈ ਕਿੰਨੀ ਘਾਲਣਾ ਘਾਲੀ ਹੋਵੇਗੀ।’’ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਸਿਰੜ ਤੇ ਸਖ਼ਤ ਮਿਹਨਤ ਨੇ ਹੀ ਉਨ੍ਹਾਂ ਨੂੰ ਮੂਹਰਲੀ ਕਤਾਰ ਦੇ ਪ੍ਰੇਰਣਾਸਰੋਤ ਨੌਜਵਾਨਾਂ ਵਿੱਚ ਸ਼ੁਮਾਰ ਕੀਤਾ ਹੈ।
ਮਾਨਸਾ ਦੇ ਐਸ.ਐਸ.ਪੀ. ਸ੍ਰੀ ਮਨਧੀਰ ਸਿੰਘ ਨੇ ਖਿਡਾਰੀਆਂ ਨੂੰ ਵਕਾਰੀ ਪ੍ਰਾਪਤੀਆਂ ਲਈ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਸ਼ਾ ਮੁਕਤ ਮੁਹਿੰਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਜ਼ਿਲ੍ਹਾ ਮਾਨਸਾ ਦੇ ਅਨਮੋਲ ਹੀਰੇ ਹਨ ਅਤੇ ਨੌਜਵਾਨ ਵਰਗ ਨੂੰ ਇਨ੍ਹਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਤਿੰਨੋਂ ਖਿਡਾਰੀਆਂ ਦੇ ਮਾਪਿਆਂ ਨੂੰ ਉਨ੍ਹਾਂ ਦੇ ਹੋਣਹਾਰ ਬੱਚਿਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਖਿਡਾਰੀਆਂ ਨੇ ਆਪਣੇ ਸੰਬੋਧਨ ’ਚ ਸ਼ਾਨਦਾਰ ਸਵਾਗਤ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਸ਼ਿੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਸ ਭਰਵੇਂ ਸਵਾਗਤ ਤੋਂ ਹੌਸਲਾ ਵਧਿਆ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਵਾਸੀਆਂ ਦਾ ਪਿਆਰ ਬਟੋਰਨ ਲਈ ਇਸੇ ਤਰ੍ਹਾਂ ਆਪਣੀ ਖੇਡ ਨੂੰ ਸਮਰਪਿਤ ਰਹਿਣਗੇ।
ਇਸ ਤੋਂ ਪਹਿਲਾਂ ਰੇਲਵੇ ਸਟੇਸ਼ਨ ’ਤੇ ਪੁੱਜਣ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸੈਂਕੜੇ ਲੋਕਾਂ ਵੱਲੋਂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਕਾਰਾਂ, ਗੱਡੀਆਂ ਤੇ ਮੋਟਰ ਸਾਈਕਲਾਂ ਦੇ ਕਾਫ਼ਲੇ ਦੇ ਰੂਪ ਵਿੱਚ ਰੇਲਵੇ ਸਟੇਸ਼ਨ ਤੋਂ ਗਊਸ਼ਾਲਾ ਰੋਡ, ਮੇਨ ਬਾਜ਼ਾਰ, ਬੱਸ ਸਟੈਂਡ ਚੌਕ, ਕੋਰਟ ਰੋਡ ਅਤੇ ਦਫ਼ਤਰ ਡਿਪਟੀ ਕਮਿਸ਼ਨਰ ਮਾਨਸਾ, ਮਾਨਸਾ ਖ਼ੁਰਦ, ਐਚ.ਐਸ. ਰੋਡ, ਮਾਨਸਾ ਕੈਂਚੀਆਂ, ਤਿੰਨਕੋਣੀ, ਜਵਾਹਰਕੇ ਕੈਂਚੀਆਂ, ਨੰਗਲ ਕਲਾਂ, ਡੇਲੂਆਣਾ ਤੋਂ ਸਵਰਨ ਸਿੰਘ ਦੇ ਪਿੰਡ ਦਲੇਲ ਵਾਲਾ ਤੱਕ, ਉਸ ਤੋਂ ਅੱਗੇ ਆਲਮਪੁਰ ਮੰਦਰਾਂ ਤੋਂ ਮਨਪ੍ਰੀਤ ਕੌਰ ਦੇ ਪਿੰਡ ਕਾਸਿਮਪੁਰ ਛੀਨਾ ਤੱਕ ਅਤੇ ਇਸੇ ਤਰ੍ਹਾਂ ਮਾਨਸਾ ਕੈਂਚੀਆਂ ਤੋਂ ਮਾਨਸਾ ਖ਼ੁਰਦ, ਲੱਲੂਆਣਾ, ਦਲੇਲ ਸਿੰਘ ਵਾਲਾ ਤੋਂ ਸੁਖਮੀਤ ਸਿੰਘ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਤੱਕ ਮਾਰਚ ਕੀਤਾ ਗਿਆ। ਇਸ ਦੌਰਾਨ ਸਵਰਨ ਸਿੰਘ, ਸੁਖਮੀਤ ਸਿੰਘ ਅਤੇ ਮਨਪ੍ਰੀਤ ਕੌਰ ਜ਼ਿੰਦਾਬਾਦ ਦੇ ਨਾਅਰੇ ਨਿਰੰਤਰ ਗੂੰਜਦੇ ਰਹੇ।
ਸਮਾਗਮ ਦੌਰਾਨ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜੇਸ਼ ਤ੍ਰਿਪਾਠੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਐਸ.ਪੀ. (ਐਚ) ਸ੍ਰੀ ਮੇਜਰ ਸਿੰਘ, ਸੀਨੀਅਰ ਕਾਂਗਰਸੀ ਆਗੂ ਸ. ਅਜੀਤ ਇੰਦਰ ਸਿੰਘ ਮੋਫ਼ਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਾਧਨ ਸ. ਬਿਕਰਮਜੀਤ ਸਿੰਘ ਮੋਫ਼ਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।


EDITED BY : SARA YAHA | | Last Updated : 6:05  pm 7 September  2018

LEAVE A REPLY

Please enter your comment!
Please enter your name here