

ਮਾਨਸਾ, 20 ਅਗਸਤ (ਹੀਰਾ ਸਿੰਘ ਮਿੱਤਲ ) : ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਅੱਜ ਚੋਣਾਂ ਦੀ ਸੁਧਾਈ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮਾਨਸਾ ਜਿਲ੍ਹੇ ਦੇ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਵੱਧ ਤੋਂ ਵੱਧ ਪ੍ਰੇਰਨ ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਨੌਜਵਾਨ ਵੋਟਰ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ ਦੀ ਪ੍ਰਕਿਰਿਆ ਵਿਚ ਕਾਫ਼ੀ ਪਿੱਛੇ ਹਨ ਅਤੇ ਇਸ ਬਾਰੇ ਠੋਸ ਉਪਰਾਲੇ ਕਰਨ ਦੀ ਲੋੜ ਹੈ।
ਉਨ੍ਹਾਂ ਇਸ ਮੌਕੇ ਹਾਜ਼ਰ ਸਮੂਹ ਐਸ.ਡੀ.ਐਮਜ਼, ਇਲੈਕਸ਼ਨ ਸਟਾਫ਼ ਅਤੇ ਸਿੱਖਿਆ ਵਿਭਾਗ ਦੇ ਮੁਖੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਨੌਜਵਾਨਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਲਈ ਕੋਈ ਵੀ ਕਸਰ ਨਾ ਛੱਡੀ ਜਾਵੇ।
ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਐਨ.ਜੀ.ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਮੀਟਿੰਗਾਂ ਬੁਲਾ ਕੇ ਜੰਗੀ ਪੱਧਰ ਤੇ ਵੱਧ ਤੋਂ ਵੱਧ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾਣ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨਰ ਵੱਲੋਂ ਯੋਗਤਾ ਮਿਤੀ 01.01.2019 ਦੇ ਅਧਾਰ ‘ਤੇ 1 ਸਤੰਬਰ ਤੋਂ 31 ਅਕਤੂਬਰ 2018 ਤੱਕ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਵੋਟ ਸੁਧਾਈ ਦਾ ਪ੍ਰੋਗਰਾਮ 1 ਸਤੰਬਰ 2018 ਤੋਂ ਸ਼ੁਰੂ ਹੋਵੇਗਾ। 1 ਸਤੰਬਰ ਤੋਂ 31 ਅਕਤੂਬਰ ਤੱਕ ਦਾਅਵੇ ਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ ਅਤੇ 9 ਸਤੰਬਰ ਤੋਂ 16 ਸਤੰਬਰ ਤੱਕ ਬੀ.ਐਲ.ਓਜ਼ ਆਪਣੇ-ਆਪਣੇ ਬੂਥਾਂ ‘ਤੇ ਦਾਅਵੇ-ਇਤਰਾਜ਼ ਪ੍ਰਾਪਤ ਕਰਨਗੇ।
ਇਸ ਮੌਕੇ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਕੂਲਾਂ ਤੇ ਕਾਲਜਾਂ ਵਿੱਚ ਮੀਟਿੰਗਾਂ ਕਰਕੇ ਜਾਂ ਕੈਂਪ ਲਗਵਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਉਹ ਵੋਟ ਬਣਵਾਉਣ ਲਈ ਖੁਦ ਅੱਗੇ ਆਉਣ। ਉਨ੍ਹਾਂ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਦੇਸ਼ ਦਾ ਭਵਿੱਖ ਬਣਾਉਣ ਵਿੱਚ ਇਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਸਹਾਈ ਸਿੱਧ ਹੋ ਸਕਦੇ ਹਨ।
ਸ੍ਰੀ ਤ੍ਰਿਪਾਠੀ ਨੇ ਉਚੇਚੇ ਤੌਰ ਤੇ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਵੋਟ ਕੱਟਣਾ ਯਕੀਨੀ ਬਣਾਇਆ ਜਾਵੇ, ਪਰ ਕਿਸੇ ਵੀ ਸਹੀ ਵੋਟ ਨੂੰ ਕੱਟਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਮਾਨਸਾ ਦਾ ਕੋਈ ਪ੍ਰਸਿੱਧ ਚਿਹਰਾ ਲੱਭਣ ਲਈ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਪ੍ਰਸਿੱਧ ਚਿਹਰੇ ਨੂੰ ਸਾਹਮਣੇ ਲਿਆ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੀ ਮੁਹਿੰਮ ਦਾ ਹਿੱਸਾ ਬਣਾਇਆ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪ੍ਰਚਾਰ ਦਾ ਹਰ ਇੱਕ ਹੀਲਾ-ਵਸੀਲਾ ਅਪਣਾ ਕੇ ਨਵੀਆਂ ਵੋਟਾਂ ਬਣਵਾਉਣ ਵਿੱਚ ਕੋਈ ਕਸਰ ਬਾਕੀ ਨਾ ਰਹੇ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਹਿਸਾਬ ਨਾਲ ਹਾਲੇ ਵੀ 10 ਹਜ਼ਾਰ ਨੌਜਵਾਨ ਵੋਟਾਂ ਤੋਂ ਵਾਂਝੇ ਹਨ।
ਵੋਟਾਂ ਸਬੰਧੀ ਵਰਤੇ ਜਾਣ ਵਾਲੇ ਫਾਰਮਾਂ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ ਸ੍ਰੀ ਗੁਰਚਰਨ ਸਿੰਘ ਨੇ ਕਿਹਾ ਕਿ ਨੌਜਾਵਾਨਾਂ ਨੂੰ ਵੋਟਾਂ ਬਣਵਾਉਣ ਵੱਲ ਪ੍ਰੇਰਿਤ ਕਰਨ ਲਈ ਐਨ.ਜੀ.ਓਜ਼ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 ਦੀ ਵਰਤੋਂ ਕੀਤੀ ਜਾਣੀ ਹੈ ਅਤੇ ਵੋਟ ਕਟਵਾਉਣ ਲਈ 7 ਨੰਬਰ ਫਾਰਮ ਭਰਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਵੋਟ ਕਾਰਡ ਵਿੱਚ ਦਰੁੱਸਤੀ ਲਈ ਫਾਰਮ ਨੰਬਰ 8 ਭਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਸ ਹਲਕੇ ਵਿੱਚ ਵੋਟ ਦੀ ਤਬਦੀਲੀ ਲਈ ਫਾਰਮ ਨੰਬਰ 8 (ੳ) ਭਰਿਆ ਜਾਵੇਗਾ ਅਤੇ ਐਨ.ਆਰ.ਆਈਜ਼ ਦੀ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6 (ੳ) ਭਰਿਆ ਜਾਣਾ ਹੈ।
ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ ਅਤੇ ਐਸ.ਡੀ.ਐਮ. ਬੁਢਲਾਡਾ ਸ਼੍ਰੀ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਮੌਜੂਦ ਸਨ।
EDITED BY : SARA YAHA | | Last Updated :7:15 pm 20 august 2018






















