

ਮਾਨਸਾ, 20 ਅਗਸਤ (ਬਲਜੀਤ ਸ਼ਰਮਾ) : ਅੰਗਹੀਣਾਂ ਨੂੰ ਲੋੜੀਂਦੇ ਉਪਕਰਣ ਮੁਫ਼ਤ ਮੁਹੱਈਆ ਕਰਵਾਉਣ ਲਈ 16 ਸਤੰਬਰ ਨੂੰ ਬਹਾਦਰਪੁਰ ਰੋਡ ਬਰੇਟਾ ਵਿਖੇ ਬਣੇ ਗੁਰੂਦੁਆਰਾ ਸਾਹਿਬ ਵਿਖੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਅੱਜ ‘ਕਨਫੈਡਰੇਸ਼ਨ ਫਾਰ ਚੈਲੇਂਜਡ ਪਰਸਨਜ਼’ ਨਾਮਕ ਐਨ.ਜੀ.ਓ ਦੇ ਨੁਮਾਇੰਦਿਆਂ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।
ਸ਼੍ਰੀ ਤ੍ਰਿਪਾਠੀ ਨੇ ਕਿਹਾ ਕਿ ਕੈਂਪ ਦੌਰਾਨ ਅਲੀਮਕੋ (ਆਰਟੀਫੀਸ਼ੀਅਲ ਲਿੰਬਜ਼ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇਡੀਆ) ਵੱਲੋਂ ਅੰਗਹੀਣਾਂ ਨੂੰ ਲੋੜੀਂਦੇ ਅੰਗਾਂ ਦੇ ਨਾਪ ਲੈ ਕੇ ਅੰਗ ਤਿਆਰ ਕੀਤੇ ਜਾਣਗੇ ਅਤੇ ਆਗਾਮੀ ਲਗਭਗ 2 ਮਹੀਨਿਆਂ ਵਿੱਚ ਉਨ੍ਹਾਂ ਨੂੰ ਇਹ ਅੰਗ ਮੁਫ਼ਤ ਮੁਹੱਈਆ ਕਰਵਾ ਕੇ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਕਿਸੇ ਵੀ ਉਮਰ ਵਰਗ ਦੇ ਵਿਅਕਤੀ, ਬੱਚੇ ਜਾਂ ਔਰਤਾਂ ਆਪਣੀ ਸ਼ਮੂਲੀਅਤ ਕਰ ਸਕਦੇ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਅੰਗਹੀਣ ਵਿਅਕਤੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਕੈਂਪ ਦਾ ਪੂਰਾ ਫਾਇਦਾ ਲੈਣ। ਉਨ੍ਹਾਂ ਦੱਸਿਆ ਕਿ ਅਲੀਮਕੋ ਕੰਪਨੀ ਵੱਲੋਂ ਅੰਗਹੀਣਾਂ ਨੂੰ ਟਰਾਈਸਾਈਕਲ, ਵੀਲ੍ਹ ਚੇਅਰ, ਫੌਹੜੀਆਂ, ਨਕਲੀ ਅੰਗ (ਬਾਂਹ-ਕੁਹਣੀ ਤੋਂ ਨੀਚੇ ਅਤੇ ਲੱਤ ਗੋਡੇ ਤੋਂ ਨੀਚੇ), ਕੈਲਿਪਰਜ਼ (ਬੂਟ), ਕੰਨਾਂ ਦੀਆਂ ਮਸ਼ੀਨਾਂ, ਮੰਦਬੁੱਧੀ ਬੱਚਿਆਂ ਲਈ ਸੀ.ਪੀ. ਚੇਅਰਜ਼ (ਮੱਦਬੁੱਧੀ ਬੱਚਿਆਂ ਵਾਸਤੇ ਖ਼ਾਸ ਤੌਰ ‘ਤੇ ਬਣਾਈਆਂ ਵੀਲ੍ਹ ਚੇਅਰਜ਼), ਐਮ.ਆਰ. ਕਿੱਟਾਂ (ਮਸਾਜ ਕਰਨ ਵਾਲੀਆਂ ਉਪਕਰਣ ਕਿੱਟਾਂ) ਅਤੇ ਨੇਤਰਹੀਣਾਂ ਲਈ ਬਰੇਲ ਕਿੱਟਸ ਮੁਹੱਈਆ ਕਰਵਾਉਣ ਲਈ ਇਹ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ‘ਕਨਫੈਡਰੇਸ਼ਨ ਫਾਰ ਚੈਲੇਂਜਡ ਪਰਸਨਜ਼’ ਸ਼੍ਰੀ ਸਤੀਸ਼ ਗੋਇਲ ਨੇ ਦੱਸਿਆ ਕਿ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਵੀ 8 ਕੈਂਪ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਏ ਜਾ ਚੁੱਕੇ ਹਨ ਅਤੇ ਇਹ 9 ਕੈਂਪ ਹੈ, ਜੋ ਕਿ 16 ਸਤੰਬਰ ਨੂੰ ਮਾਨਸਾ ਜ਼ਿਲ੍ਹੇ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਹਾ ਲੈਣ ਲਈ ਬਿਨੈਕਾਰ ਕੋਲ ਸਿਵਲ ਸਰਜਨ ਤੋਂ ਤਸਦੀਕ ਸ਼ੁਦਾ ਅੰਗਹੀਣਤਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਕਿਸੇ ਅੰਗਹੀਣ ਕੋਲ ਅੰਗਹੀਣਤਾ ਸਰਟੀਫਿਕੇਟ ਨਹੀਂ ਹੈ, ਤਾਂ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਵੱਲੋਂ ਚੈਕਅੱਪ ਕਰਕੇ ਉਸ ਦੀ ਅਪੰਗਤਾ ਦੀ ਪ੍ਰਤੀਸ਼ਤ ਬਾਰੇ ਦੱਸਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰਾਰਥੀ ਆਪਣੇ ਨਾਲ ਆਧਾਰ ਕਾਰਡ, 2 ਫੋਟੋਆਂ ਅਤੇ ਐਮ.ਸੀ. ਜਾਂ ਸਰਪੰਚ ਤੋਂ ਆਮਦਨੀ ਸਬੰਧੀ ਸਰਟੀਫਿਕੇਟ ਵੀ ਨਾਲ ਕੇ ਆਉਣ।
EDITED BY : SARA YAHA | | Last Updated :7:10 pm 20 august 2018






















