

ਮਾਨਸਾ, 13 ਅਪ੍ਰੈਲ (ਹੀਰਾ ਸਿੰਘ ਮਿੱਤਲ) ਮਾਨਸਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਬੱਚਤ ਭਵਨ ਵਿਖੇ ਰਬੀ ਸੀਜ਼ਨ ਦੌਰਾਨ ਮੰਡੀਆਂ ‘ਚ ਆਉਣ ਵਾਲੀ ਕਣਕ ਦੀ ਫਸਲ ਦੀ ਆਮਦ, ਖਰੀਦ ਅਤੇ ਚੁਕਾਈ ਦੇ ਕੰਮ ਨੂੰ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜ੍ਹਨ ਦੇ ਪ੍ਰਬੰਧਾ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ਼੍ਰੀ ਧਾਲੀਵਾਲ ਨੇ ਕਿਹਾ ਕਿ ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਾੜ੍ਹੀ ਸੀਜ਼ਨ ਦੀ ਇਸ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ, ਜ਼ੋ ਕਿ ਇੱਕਲੀ-ਇੱਕਲੀ ਮੰਡੀ ‘ਚ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਮੰਡੀਆਂ ਦੇ ਸੈਕਟਰ ਅਫ਼ਸਰਾਂ ਤੋਂ ਇਲਾਵਾ ਅਧਿਕਾਰੀਆਂ ਦੀ ਸਹੂਲਤ ਲਈ ਇੱਕ ਕੰਟਰੋਲ ਰੂਮ ਬਣਾਇਆ ਗਿਆ ਹੈ, ਜਿੱਥੇ ਟੈਲੀਫੋਨ ਰਾਹੀਂ ਸਾਰੇ ਅਧਿਕਾਰੀਆਂ ਨਾਲ ਸੀਜ਼ਨ ਦੌਰਾਨ ਹਰ ਵਕਤ ਰਾਬਤਾ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਰੋਜ਼ਾਨਾ ਆਪਣੇ ਅਧੀਨ ਆਉਂਦੀਆਂ ਮੰਡੀਆਂ ਦੀ ਵਿਸਤ੍ਰਿਤ ਰਿਪੋਰਟ ਹਰ ਰੋਜ਼ ਸ਼ਾਮ ਨੂੰ ਭੇਜਣਾ ਯਕੀਨੀ ਬਣਾਉਣਗੇ। ਉਨ੍ਹਾਂ ਇਹ ਗੱਲ ਸਖਤੀ ਨਾਲ ਆਖੀ ਕਿ ਕਿਸੇ ਵੀ ਮੰਡੀ ਦੇ ਵਿੱਚ ਆਮਦ, ਚੁਕਾਈ ਅਤੇ ਖਰੀਦ ਸਬੰਧਤ ਕਿਸੇ ਵੀ ਕਿਸਮ ਦੀ ਢਿੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਇਸ ਪ੍ਰਕਿਰਿਆ ਨੂੰ
ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਆਪਣੇ ਕੰਮ ਨੂੰ ਤਨਦੇਹੀ ਦੇ ਨਾਲ ਨਹੀਂ ਕਰਦਾ ਤਾਂ ਉਸ ‘ਤੇ ਤੁਰੰਤ ਸਖਤ ਕਾਰਵਾਈ ਕੀਤੀ ਜਾਵੇਗੀ। ਬਾਰਿਸ਼ ਕਾਰਨ ਕਣਕ ‘ਚ ਦੋ ਤਿੰਨ ਦਿਨਾਂ ਤੱਕ ਨਮੀ ਦੀ ਮਾਤਰਾ ਵਧੇਰੇ ਹੋਣ ਦਾ ਖਦਸ਼ਾ ਜ਼ਾਹਿਰ ਕਰਦਿਆ ਹੋਇਆ ਡਿਪਟੀ ਕਮਿਸ਼ਨਰ ਨੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਮੰਡੀਆਂ ਵਿੱਚ ਆੜ੍ਹਤੀਆ ਵੱਲੋਂ ਪੱਖਿਆ ਦਾ ਮੁਕੰਮਲ ਪ੍ਰਬੰਧ ਹੋਵੇ, ਤਾਂ ਜ਼ੋ 12 ਪ੍ਰਤੀਸ਼ਤ ਤੋਂ ਘੱਟ ਨਮੀ ਦੀ ਮਾਤਰਾ ਵਾਲੀ ਫਸਲ ਨੂੰ ਹੀ ਖਰੀਦਿਆ ਜਾਵੇ।
ਮੀਟਿੰਗ ਦੌਰਾਨ ਮਾਨਸਾ ਦੇ ਐਸ ਡੀ ਐਮ ਸ਼੍ਰੀ ਅਭਿਜੀਤ ਕਪਲਿਸ਼, ਸਹਾਇਕ ਕਮਿਸ਼ਨਰ ਸ਼੍ਰੀ ਉਮ ਪ੍ਰਕਾਸ਼, ਡੀ ਐਸ ਪੀ ਸ਼੍ਰੀ ਕਰਨਵੀਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ ।
ਸ਼੍ਰੀ ਧਾਲੀਵਾਲ ਨੇ ਹਦਾਇਤ ਕੀਤੀ ਕਿ ਕੰਮ ਨੂੰ ਪਹਿਲੇ ਦਿਨ ਤੋਂ ਹੀ ਸਹੀ ਢੰਗ ਨਾਲ ਸ਼ੁਰੂ ਕੀਤਾ ਜਾਵੇ ਅਤੇ ਲੇਬਰ ਦੇ ਪੁਖਤਾ ਪ੍ਰਬੰਧ ਹੋਣ, ਤਾਂ ਜ਼ੋ ਢੋਆ-ਢੁਆਈ ਕਰਨ ‘ਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਵੀ ਪ੍ਰੇਰਿਤ ਕੀਤਾ ਜਾਵੇ, ਤਾਂ ਜ਼ੋ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ।
ਡੀ.ਐਫ.ਐਸ.ਸੀ ਸ਼੍ਰੀ ਬਲਦੇਵ ਰਾਜ ਵਰਮਾ ਨੇ ਦੱਸਿਆ ਕਿ ਹੁਣ ਤੱਕ ਮਾਨਸਾ ਦਿਆਂ ਮੰਡੀਆਂ ਵਿੱਚ 14524 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ 673 ਮੀਟ੍ਰਿਕ ਟਨ ਕਣਕ ਦੀ ਖਰੀਦ ਵੱਖ ਵੱਖ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ।
ਮੀਟੰਗ ਦੌਰਾਨ ਐਸ.ਡੀ.ਐਮ. ਸ਼੍ਰੀ ਲਤੀਫ ਅਹਿਮਦ ਨੇ ਟਰੱਕ ੳਪਰੇਟਰਾਂ ਨੂੰ ਅਪੀਲ ਕੀਤੀ ਕਿ ਸੜਕਾਂ ਤੇ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਆਪਾਂ ਸਾਰਿਆ ਨੂੰ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ, ਤਾਂ ਕਿ ਇਸ ਸੀਜ਼ਨ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਅਤੇ ਆਪਣਿਆਂ ਗੱਡੀਆਂ ਸਹੀ ਥਾਂ ਉਪਰ ਖੜੀਆਂ ਕੀਤੀਆਂ ਜਾਣ । ਉਹਨਾਂ ਇਹ ਵੀ ਆਖਿਆ ਕਿ ਉਹ ਆਪਣੇ ਟ੍ਰਰੈਕਟਰ ਟਰਾਲੀਆਂ ਉੱਪਰ ਰਿਫੈਲਕਟਰ ਜ਼ਰੂਰ ਲਗਾਉਣ।
ਮੀਟਿੰਗ ਤੋਂ ਬਾਅਦ ਦੁਪਹਿਰ ਸਮੇਂ ਡਿਪਟੀ ਕਮਿਸ਼ਨਰ ਵੱਲੋਂ ਸਿਰਸਾ ਰੋਡ ‘ਤੇ ਸਥਿਤ ਦਾਣਾ ਮੰਡੀ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਨੇ ਮੰਡੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।






















