ਮਾਨਸਾ, ਮੁਕਤਸਰ ਅਤੇ ਬਠਿੰਡਾ ਵਿਖੇ 45000 ਪੌਦੇ ਲਗਾਏ ਜਾਣ ਦੀ ਕੀਤੀ ਸ਼ੁਰੂਆਤ

0
2
ਬਣਾਵਾਲਾ (ਮਾਨਸਾ) {ਬਲਜੀਤ ਸ਼ਰਮਾ} : ਕੇ. ਐੱਸ. ਪਨੂੰ, ਆਈ. ਏ. ਐੱਸ., ਸਕੱਤਰ ਖੇਤੀਬਾੜੀ ਅਤੇ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਨੇ ਅੱਜ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਅਗਵਾਈ ਹੇਠ ਤਲਵੰਡੀ ਸਾਬੋ ਪਾਵਰ ਲਿਮਿਟਡ, ਬਣਾਵਾਲਾ (ਮਾਨਸਾ), ਗੁਰੂ ਗੋਬਿੰਦ ਸਿੰਘ ਰਿਫਾਈਨਰੀ- ਬਠਿੰਡਾ ਅਤੇ ਸੇਤੀਆ ਪੇਪਰ ਮਿੱਲ, ਮੁਕਤਸਰ ਵੱਲੋਂ ਪੌਦੇ ਲਗਾਉਣ ਦੀ ਖਾਸ ਮੁਹਿੰਮ ਦੀ ਅੱਜ ਰਸਮੀ ਸ਼ੁਰੂਆਤ ਕੀਤੀ।
ਤਲਵੰਡੀ ਸਾਬੋ ਪਾਵਰ ਲਿਮਿਟਡ, ਬਣਾਵਾਲਾ ਵੱਲੋਂ ਇਸ ਮੁਹਿੰਮ ਅਧੀਨ 30000 ਪੌਦੇ ਲਗਾਉਣ ਦੀ ਪਹਿਲ ਕੀਤੀ ਗਈ, ਜਿਸ ਦਾ ਉਦਘਾਟਨ ਤਲਵੰਡੀ ਸਾਬੋ ਵਿਖੇ ਕੀਤਾ ਗਿਆ, ਜਿਸ ਵਿੱਚ ਸ਼੍ਰੀ ਕੇ. ਐੱਸ. ਪਨੂੰ, ਆਈ. ਏ. ਐੱਸ. ਸਕੱਤਰ ਖੇਤੀਬਾੜੀ ਅਤੇ ਡਾਇਰੈਕਟਰ ਮਿਸ਼ਨ ਤੰਦਰੁਸਤ ਪੰਜਾਬ ਵੱਲ਼ੋਂ ਬੂਟੇ ਲਗਾ ਕੇ 30000 ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਪਨੂੰ ਨੇ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਪੌਦੇ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੌਦੇ ਲਗਾਉਣਾ ਹੀ ਨਹੀਂ ਬਲਕਿ ਇਹਨਾਂ ਦੀ ਦੇਖ-ਰੇਖ ਕਰਕੇ ਵੱਡੇ ਕਰਨਾ ਵੀ ਮਿਸ਼ਨ ਤੰਦਰੁਸਤ ਪੰਜਾਬ ਦਾ ਇੱਕ ਵੱਡਾ ਹਿੱਸਾ ਹੈ।
ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਖਾਣ ਪੀਣ ਵਾਲੇ ਪਦਾਰਥ, ਖਾਸ ਕਰਕੇ ਦੁੱਧ ਅਤੇ ਇਸ ਦੇ ਉਤਪਾਦਾਂ ਨੂੰ ਮਿਲਾਵਟ ਤੋਂ ਬਿਨਾਂ ਮੁਹੱਈਆ ਕਰਵਾਉਣਾ ਸਰਕਾਰ ਦਾ ਇਸ ਮਿਸ਼ਨ ਤਹਿਤ ਖਾਸ ਕਦਮ ਹੈ।
ਉਨਾਂ ਕਿਹਾ ਕਿ “ਮਿਸ਼ਨ ਤੰਦਰੁਸਤ ਪੰਜਾਬ” ਇੱਕ ਵਧੀਆ ਸੋਚ ਦੁਆਰਾ ਚੁੱਕਿਆ ਹੋਇਆ ਕਦਮ ਹੈ। ਇਸ ਮਿਸ਼ਨ ਨੂੰ ਕਾਮਯਾਬ ਕਰਨਾ ਸਾਡੀ ਸਾਰੇ ਪੰਜਾਬੀਆਂ ਦੀ ਨੈਤਿਕ ਜਿੰਮੇਵਾਰੀ ਹੈ। ਇਸ ਮਿਸ਼ਨ ਤਹਿਤ ਸਾਰੇ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਤੇ ਪੌਦੇ ਲਗਾਉਣ ਦੀ ਲੋੜ ਹੈ ਤਾਂ ਹੀ ਸਾਡਾ ਵਾਤਾਵਰਨ ਆਉਣ ਵਾਲੀਆ ਪੀੜ੍ਹੀਆਂ ਲਈ ਸਾਂਭਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪੌਦੇ ਹੀ ਹਨ ਜਿੰਨਾਂ ਕਰਕੇ ਧਰਤੀ ਤੇ ਮਨੁੱਖ ਦਾ ਜੀਵਨ ਸੰਭਵ ਹੈ।
ਇਸ ਮੌਕੇ ਸ੍ਰੀ ਸੀ. ਐੱਨ. ਸਿੰਘ, ਚੀਫ਼ ਆਪਰੇਟਿੰਗ ਅਫਸਰ, ਤਲਵੰਡੀ ਸਾਬੋ ਪਾਵਰ ਲਿਮਿਟਡ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਲਵੰਡੀ ਸਾਬੋ  ਪਾਵਰ ਲਿਮਿਟਡ ਵਾਤਾਵਰਨ ਸੰਭਾਲ ਹਮੇਸ਼ਾ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਆਪਣਾ ਯੋਗਦਾਨ ਪਾਉਂਦਾ ਰਹੇਗਾ।
ਬਣਾਵਾਲਾ ਪਹੁੰਚਣ ਤੋਂ ਪਹਿਲਾਂ ਸ਼੍ਰੀ ਕੇ. ਐੱਸ. ਪਨੂੰ, ਵੱਲ਼ੋਂ ਸੇਤੀਆ ਪੇਪਰ ਮਿੱਲ, ਮੁਕਤਸਰ ਦਾ ਦੌਰਾ ਵੀ ਕੀਤਾ ਗਿਆ, ਜਿੱਥੇ ਮਿੱਲ ਦੇ ਕਰਮਚਾਰੀਆਂ ਵੱਲੋਂ 5000 ਤੋਂ ਵੱਧ ਪੌਦੇ ਲਗਾਏ ਜਾਣ ਦਾ ਜਿੰਮਾ ਲਿਆ ਗਿਆ ਹੈ।
ਇਸ ਉਪਰੰਤ ਉਹਨਾਂ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨਾਲ ਗੁਰੂ ਗੋਬਿੰਦ ਸਿੰਘ ਰਿਫਾਈਨਰੀ (ਬਠਿੰਡਾ) ਦਾ ਦੌਰਾ ਕੀਤਾ ਗਿਆ। ਰਿਫਾਈਨਰੀ ਵੱਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਰਿਫਾਈਨਰੀ ਦੇ ਆਲੇ ਦੁਆਲੇ ਦੇ 100 ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਨ ਅਤੇ ਇਹਨਾਂ ਦੇ ਕੰਢਿਆਂ ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਗੰਦੇ ਪਾਣੀ ਨਾਲ ਭਰੇ ਹੋਏ ਛੱਪੜਾਂ ਨੂੰ ਖਾਲੀ ਕਰਕੇ ਵਾਧੂ ਮਿੱਟੀ ਬਾਹਰ ਕੱਢੀ ਜਾਵੇਗੀ,  ਜਿਸ ਨਾਲ ਇਹਨਾਂ ਦੀ ਸਮਰੱਥਾ ਵਿਚ ਵਾਧਾ ਹੋ ਜਾਵੇਗਾ।
ਇਸ ਮੌਕੇ ਉਹਨਾਂ ਵੱਲੋਂ ਪਿੰਡ ਫੁੱਲੋਂ ਖਾਰੀ ਵਿਖੇ ਤਿਆਰ ਹੋਣ ਵਾਲੇ ਵੇਸਟ ਵਾਟਰ ਟਰੀਟਮੈਂਟ ਪਲਾਂਟ ਦਾ ਨੀਹ ਪੱਥਰ ਵੀ ਰੱਖਿਆ ਗਿਆ। ਉਹਨਾਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਫੁੱਲੋਂ ਖਾਰੀ ਪੰਜਾਬ ਦਾ ਸਭ ਤੋਂ ਹਰਿਆ ਭਰਿਆ ਪਿੰਡ ਹੋਵੇਗਾ।
ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਤਲਵੰਡੀ ਸਾਬੋ ਸ਼ਹਿਰ ਵਿੱਚ 10 ਹਜਾਰ ਪੌਦੇ ਲਗਾ ਕੇ ਇਸ ਸ਼ਹਿਰ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਨ ਇੰਜੀ. ਸ਼੍ਰੀ ਕਰੁਨੇਸ਼ ਗਰਗ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਧ-ਚੜ ਕੇ ਹਿੱਸਾ ਪਾ ਰਿਹਾ ਹੈ। ਫੈਕਟਰੀਆਂ ਦੀ ਰੁਟੀਨ ਚੈਕਿੰਗ ਦੇ ਨਾਲ-ਨਾਲ, ਪੌਦੇ ਲਗਾਉਣ, ਟੋਭੇ ਸਾਫ ਕਰਾਉਣ, ਪਲਾਸਟਿਕ ਦੇ ਲਿਫਾਫਿਆਂ ਨੂੰ ਖ਼ਤਮ ਕਰਨ, ਪਰੈਸ਼ਰ ਹਾਰਨਾਂ ਦੇ ਚਲਾਣ ਕਰਨ, ਪੋਲਟਰੀ ਫਾਰਮਾਂ ਦੀ ਬਦਬੂ ਖਤਮ ਕਰਨ ਅਤੇ ਹੋਰ ਬਹੁਤ ਸਾਰੇ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਜਿੰਨਾਂ ਦਾ ਸਾਡੀ ਰੋਜ਼ਾਨਾਂ ਜਿੰਦਗੀ ਨਾਲ ਸਿੱਧਾ ਸਬੰਧ ਹੈ। ਇਸ ਤੋਂ ਇਲਾਵਾ ਖੇਤਰੀ ਦਫਤਰ, ਬਠਿੰਡਾ ਦੇ ਵਾਤਾਵਰਨ ਇੰਜੀਨੀਅਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ  ਆਪਣੇ ਅਧੀਨ ਆਉਂਦੀਆਂ ਫੈਕਟਰੀਆਂ ਦੇ ਰਾਹੀ ਲਗਭਗ 1 ਲੱਖ ਬੂਟਾ ਇਸ ਮਾਨਸੂਨ ਸੀਜਨ ਵਿੱਚ ਜਿਲ੍ਹਾ ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਮੋਬਾਈਲ ਐਪ ਤਿਆਰ ਕੀਤੀ ਗਈ ਹੈ, ਜਿਸ ਨਾਲ ਰਿਮੋਰਟ ਸੈਂਸਿੰਗ ਦੀ ਮਦਦ ਲੈਂਦਿਆਂ ਲਗਾਏ ਜਾ ਰਹੇ ਪੌਦਿਆਂ ਦੇ ਵਾਧੇ ਦੀ ਦੇਖ-ਰੇਖ ਕੀਤੀ ਜਾ ਸਕੇਗੀ। ਜੇਕਰ ਕੋਈ ਪੌਦਾ ਮਰਦਾ ਹੈ ਤਾਂ ਉਸਦੀ ਜਗ੍ਹਾ ਨਵਾਂ ਪੌਦਾ ਲਗਾਇਆ ਜਾਵੇਗਾ। ਇਸ ਮੌਕੇ ਤਲਵੰਡੀ ਸਾਬੋ ਪਾਵਰ ਲਿਮਿਟਡ ਵੱਲੋਂ ਸਮੀਰ ਨਾਇਕ, ਮੁਖੀ ਓ. ਐਂਡ ਐਮ , ਦੇਬਾਬਰਤ ਮਿਸ਼ਰਾ, ਮੁਖੀ ਐੱਚ ਆਰ ਅਤੇ ਅਰੁਣ ਕੁਮਾਰ ਮਿਸ਼ਰਾ, ਭਾਨੂੰ ਪ੍ਰਕਾਸ਼ ਵੀ ਹਾਜਰ ਰਹੇ।

LEAVE A REPLY

Please enter your comment!
Please enter your name here