ਟੋਡਰਪੁਰ ਦੀ ਖੇਤੀਬਾੜੀ ਸਹਿਕਾਰੀ ਸਭਾ ਵਿਚ 50 ਲੱਖ ਤੋਂ ਉਪਰ ਦਾ ਘਪਲਾ 

0
2

ਬੋਹਾ, 18 ਜੁਲਾਈ (ਸਾਰਾ ਯਹਾ)- ਬੋਹਾ ਖੇਤਰ ਦੇ ਪਿੰਡ ਰਾਮਗੜ੍ਹ ਸ਼ਾਹਪੁਰੀਆ ਦੇ ਕਿਸਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਤੋਂ ਬਾਦ ਹੁਣ ਇਸ ਨੇੜਲੇ ਪਿੰਡ ਟੋਡਰਪੁਰ ਵਿਚ ਵੀ 50 ਲੱਖ ਰੁਪਏ ਤੋਂ ਉਪਰ ਘਪਲੇਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਪਲੇਬਾਜ਼ੀ ਨੂੰ ਲੈ ਕੇ ਅੱਜ ਸਹਿਕਾਰੀ ਸਭਾ ਦੇ ਦਫਤਰ ਵਿਚ ਸਭਾ ਦੇ ਹਿੱਸੇਦਾਰਾਂ ਨੇ ਮੀਟਿੰਗ ਕਰਨ ਤੋਂ ਬਾਦ ਸਹਿਕਾਰੀ ਬੈਂਕ ਬਰੇਟਾ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਘਪਲੇਬਾਜ਼ੀ ਬਾਰੇ ਜਾਣਕਾਰੀ ਦਿੰਦਿਆਂ ਟੋਡਰਪਰ ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ, ਪੰਚ ਦਲਜੀਤ ਸਿੰਘ, ਸਸਪਾਲੀ ਦੇ ਸਰਪੰਚ ਨਰੋਤਮ ਸਿੰਘ ਅਤੇ ਭਖੜਿਆਲ ਦੇ ਸਰਪੰਚ ਜਗਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਵਿਚ ਘਪਲੇਬਾਜ਼ੀ ਕਈ ਸਾਲਾਂ ਤੋਂ ਹੋ ਰਹੀ ਸੀ। ਛੇ ਮਹੀਨੇ ਪਹਿਲਾਂ ਇਸ ਸੁਸਾਇਟੀ ਦੇ ਸੈਕਟਰੀ ਹਰਵੇਵ ਸਿੰਘ ਬਹਾਦੁਰਪੁਰ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਦ ਸੁਸਾਇਟੀ ਦੇ ਸੇਲਜ਼ਮੈਨ ਪਰਵਿੰਦਰ ਸਿੰਘ ਵਾਸੀ ਬਹਾਦਰਪੁਰ ਨੂੰ ਸੈਕਟਰੀ ਨਿਯੁਕਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਵੇਂ ਨਿਯੁਕਤ ਕੀਤੇ ਸੈਕਟਰੀ ਵੱਲੋਂ ਬੀਤੀ 21 ਜੂਨ ਨੂੰ ਬਰੇਟਾ ਮੰਡੀ ਵਿਖੇ ਖੁਦਕਸ਼ੀ ਕਰ ਲਈ ਗਈ ਤਾਂ ਹਿੱਸੇਦਾਰਾਂ ਨੂੰ ਸ਼ੱਕ ਹੋਇਆ ਕਿ ਸਹਿਕਾਰੀ ਸਭਾ ਵਿਚ ਜਰੂਰ ਕੋਈ ਵੱਡਾ ਘਪਲਾ ਹੈ। ਉਨ੍ਹਾਂ ਸਹਿਕਰੀ ਸਭਾ ਦੇ ਬੈਂਕ ਵਿਚਲੇ ਖਾਤਿਆ ਦੀ ਜਾਣਕਾਰੀ ਲੈਣ ਲਈ ਬਰੇਟਾ ਦੇ ਸਹਿਕਾਰੀ ਬੈਂਕ ਨਾਲ ਸਪੰਰਕ ਕੀਤਾ ਤਾਂ ਬੈਂਕ ਅਧਿਕਾਰੀਆਂ ਨੇ ਵੀ ਟਾਲ ਮਟੋਲ ਦੀ ਨੀਤੀ ਆਪਣਾ ਕੇ ਉਨ੍ਹਾਂ ਨੂੰ ਨਿਆਂ ਨਾ ਦਿੱਤਾ। ਜਦੋਂ ਹੁਣ ਜਨਤਕ ਦਬਾਅ ਅੱਗੇ ਝੁਕਦਿਆਂ ਬੈਂਕ ਅਧਿਕਾਰੀਆਂ ਵਲੋਂ ਖਾਤਿਆਂ ਦੀ ਲਿਸਟ ਹਿੱਸੇਦਾਰਾਂ ਨੂੰ ਦਿੱਤੀ ਗਈ ਹੈ ਤਾਂ ਇਸ ਵਿਚੋਂ ਹੈਰਾਨੀਜਨਕ ਤੱਥ ਉਭਰ ਕੇ ਸਾਹਮਣੇ ਆਏ ਹਨ ਤੇ ਪੰਜਾਹ ਲੱਖ ਤੋਂ ਉਪਰ ਦੀ ਘਪਲੇਬਾਜ਼ੀ ਹੋਣ ਦਾ ਪੱਤਾ ਲੱਗਾ ਹੈ। ਪਾਤੜਾਂ ਸਦਰ ਥਾਣਾ ਵਿਚ ਤਇਨਾਤ ਇੰਸਪੈਕਟਰ ਰਣਬੀਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਇਸ ਸਮੇਂ ਦੋਸ਼ ਲਾਇਆ ਕਿ ਉਸਦੇ ਥਾਣੇਦਾਰ ਪੁੱਤਰ ਨੇ ਨਾ ਕਦੇ ਸਹਿਕਾਰੀ ਸਭਾ ਤੋਂ ਕਰਜ਼ ਲਿਆ ਹੈ ਤੇ ਨਾ ਹੀ ਉਹ ਕਦੇ ਬੈਂਕ ਵਿਚ ਗਿਆ ਹੈ ਪਰ ਸੁਸਾਇਟੀ ਕਰਮਚਾਰੀਆਂ ਨੇ ਤਿੰਨ ਲੱਖ ਅੱਠਤੀ ਹਜਾਰ ਰੁਪਏ ਦਾ ਕਰਜ਼ਾ ਉਸ ਸਿਰ ਵੀ ਵਿਖਾ ਦਿੱਤਾ ਹੈ। ਹਿੱਸੇਦਾਰਾਂ ਨੇ ਕਿਹਾ ਕਿ ਸੁਸਾਇਟੀ ਨਾਲ ਸਬੰਧਤ ਪਿੰਡ ਟੋਡਰਪੁਰ, ਸਸਪਾਲੀ ਤੇ ਭਖੜਿਆਲ ਦੇ ਕੁਝ ਪੁਰਾਣੇ ਹਿੱਸੇਦਾਰਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾ ਤੇ ਵੀ ਲੱਖਾਂ ਰਪਏ ਦਾ ਕਰਜ਼ਾ ਬੋਲਦਾ ਹੈ ਜਦੋਂ ਬੈਂਕ ਵਲੋਂ ਇਸ ਕਰਜ਼ੇ ਬਾਰੇ ਕਦੇ ਵੀ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਤੇ ਇਸ ਕਰਜ਼ੇ ਦੀ ਅਦਾਇਗੀ ਉਨ੍ਹਾਂ ਪਰਿਵਾਰਾਂ ਵਲੋਂ ਕਰ ਦਿੱਤੀ ਗਈ ਸੀ। ਹਿੱਸੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਕਰਜ਼ੇ ਦੀ ਅਦਾਇਗੀ ਵਜੋਂ 95 ਹਜਾਰ ਦੀ ਐਂਟਰੀ ਉਸਦੀ ਪਾਸ ਬੁੱਕ ਵਿਚ ਤਾਂ ਦਰਜ਼ ਕੀਤੀ ਗਈ ਪਰ ਬੈਂਕ ਖਾਤੇ ਵਿੱਚੋ ਇਹ ਗਾਇਬ ਹੈ। ਇਸ ਤਰ੍ਹਾਂ ਹੋਰ ਵੀ ਕਈ ਹਿੱਸੇਦਾਰਾ ਨੇ ਦੋਸ਼ ਲਾਇਆ ਕੇ ਸੁਸਾਇਟੀ ਕਰਮਚਾਰੀਆਂ ਨੇ ਉਨ੍ਹਾਂ ਦੇ ਨਾਂ ਤੇ ਨਕਲੀ ਦਸਤਖਤ ਕਰਕੇ ਜਾਂ ਅੰਗੂਠੇ ਲਾ ਕੇ ਉਨ੍ਹਾਂ ਦੇ ਨਾਂ ਤੇ ਲੱਖਾਂ ਰੁਪਏ ਕਢਵਾ ਲਏ ਹਨ। ਹਿੱਸੇਦਾਰ ਨੇ ਕਿਹਾ ਕਿ ਉਹ ਭਲਕੇ ਸਾਰੇ ਹਲਫੀਆ ਬਿਆਨ ਦੇ ਕੇ ਜ਼ਿਲਾ ਪ੍ਰਸ਼ਾਸ਼ਨ ਤੋਂ ਘਪਲੇ ਦੀ ਜਾਂਚ ਦੀ ਮੰਗ ਕਰਨਗੇ । ਜਦੋਂ ਇਸ ਸਬੰਧੀ ਸਹਿਕਾਰੀ ਸਭਾ ਦੇ ਸਹਾਇਕ ਰਜਿਸਟਰਾਰ ਦਰਸ਼ਨ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਪਲੇ ਦੀ ਉਚ ਪੱਧਰੀ ਜਾਂਚ ਕੀਤੀ ਜਾਵੇਗੀ ਤੇ ਇਸ ਵਿਚ ਦੋਸ਼ੀ ਕਿਸੇ ਵੀ ਵਿਅਕਤੀ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਸਹਿਕਰੀ ਬੈਂਕ ਮਾਨਸਾ ਦੇ ਚੀਫ ਮੈਨੇਜਰ ਵਿਸਾਲ ਗਰਗ ਨਾਲ ਜਦੋਂ ਬਰੇਟਾ ਬੈਂਕ ਦੀ ਕਥਿਤ ਮਿਲੀ ਭੁਗਤ ਬਾਰ ਗੱਲ ਕੀਤੀ ਹਈ ਤਾਂ ਉਨ੍ਹਾ ਕਿਹਾ ਕਿ ਜਾਂਚ ਤੋਂ ਪਹਿਲਾ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ ਕਿ ਇਸ ਘਪਲੇ ਵਿਚ ਕੌਣ ਕੋਣ ਦੋਸ਼ੀ ਹੈ ਤੇ ਕੌਣ ਨਹੀਂ । ਉਹਨਾ ਕਿਹਾ ਕਿ ਉਹਨਾ ਵੱਲੋਂ ਇਸ ਘਪਲੇ ਦੀ ਜਾਂਚ ਲਈ ਇਕ ਬੈਂਕ ਅਧਿਕਾਰੀ  ਤੇ ਚਾਰ  ਸਹਿਕਾਰੀ ਸਭਾ ਦੇ ਸੈਕਟਰੀਆਂ  ਤੇ ਅਧਾਰਿਤ ਇਕ ਜਾਂਚ ਕਮੇਟੀ ਬਣਾਈ ਜਾ ਰਹੀ ਹੈ ਤੇ ਇਸ ਜਾਂਚ ਤੋਂ ਬਾਦ ਘਪਲੇ ਲਈ ਜਿੰਮੇਵਾਰ ਹਰੇਕ ਧਿਰ ‘ਤੇ ਸਖਤ  ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


EDITED BY : SARA YAHA | | Last Updated : 8:20 pm 18 JULY 2018

LEAVE A REPLY

Please enter your comment!
Please enter your name here