

ਮਾਨਸਾ, 11 ਜੁਲਾਈ(ਬਲਜੀਤ ਸ਼ਰਮਾ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਸ.ਐਸ.ਪੀ ਮਾਨਸਾ ਸ੍ਰੀ ਪਰਮਬੀਰ ਸਿੰਘ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਸਿਟੀ-1 ਸ੍ਰ. ਪਰਮਜੀਤ ਸਿੰਘ ਸੰਧੂ ਵੱਲੋਂ ਡੀ.ਏ.ਵੀ. ਸਕੂਲ ਮਾਨਸਾ ਵਿਖੇ ਸਕੂਲ ਦੀਆਂ ਲੜਕੀਆਂ ਨਾਲ ਮੀਟਿੰਗ ਕੀਤੀ ਗਈ।
ਐਸ.ਐਚ.ਓ ਥਾਣਾ ਸਿਟੀ-1 ਮਾਨਸਾ ਸ੍ਰੀ ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੀਟਿੰਗ ਦਾ ਉਦੇਸ਼ ਵਿਦਿਆਰਥਣਾਂ ਨੂੰ ਸ਼ਕਤੀ ਐਪ ਬਾਰੇ ਜਾਗਰੂਕ ਕਰਨਾ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਨਾਰੀ ਸੁਰੱਖਿਆ ਅਤੇ ਵਾਤਾਵਰਨ ਦੀ ਸ਼ੁੱਧਤਾ ਸਬੰਧੀ ਜਾਗਰੂਕਤਾ ਫੈਲਾਉਣ ਲਈ ਇਸ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ।
ਮੀਟਿੰਗ ਦੌਰਾਨ WASPAS ਡਿਊਟੀ ਕਰਦੀ ਮਹਿਲਾ ਸਿਪਾਹੀ ਮਨਪ੍ਰੀਤ ਕੌਰ ਵੱਲੋਂ ਸ਼ਕਤੀ ਐਪ ਬਾਰੇ ਲੜਕੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਰਾਹ ਜਾਂਦੇ ਸਮੇਂ ਕਿਸੇ ਵੀ ਲੜਕੀ ਜਾਂ ਮਹਿਲਾਂ ਨੂੰ ਜੇਕਰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਸ਼ਕਤੀ ਐਪ ਦੀ ਵਰਤੋ ਨਾਲ ਤੁਰੰਤ ਪੁਲਿਸ ਦੀ ਮਦਦ ਹਾਸਲ ਕਰਦ ਸਕਦੀ ਹੈ। ਇਸ ਮੌਕੇ ਉਨ੍ਹਾਂ ਸ਼ਕਤੀ ਐਪ ਦੀ ਵਰਤੋ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਗੂਗਲ ਤੋਂ ਸ਼ਕਤੀ ਐਪ ਆਪਣੇ ਮੋਬਾਇਲ ਵਿਚ ਡਾਊਨਲੋਡ ਕਰਕੇ ਕੋਈ ਵੀ ਮੋਬਾਇਲ ਨੰਬਰ ਐਡ ਕੀਤਾ ਜਾ ਸਕਦਾ ਹੈ। ਐਮਰਜੈਂਸੀ ਪੈਣ ਤੇ ਕੋਈ ਵੀ ਲੜਕੀ ਐਪ ਰਾਹੀਂ ਪੁਲਿਸ ਨੂੰ ਸੂਚਿਤ ਕਰ ਸਕਦੀ ਹੈ, ਪੁਲਿਸ ਉਸ ਦੀ ਲੋਕੇਸ਼ਨ ਦੇ ਟਰੇਸ ਕਰਕੇ ਕੁਝ ਹੀ ਸਮੇਂ ਵਿਚ ਸਬੰਧਤ ਲੜਕੀ ਤੱਕ ਪਹੁੰਚ ਜਾਵੇਗੀ ਅਤੇ ਇਸ ਦੀ ਸੂਚਨਾ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲ ਸਕੇਗੀ।
ਇਸ ਉਪਰੰਤ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਮੁਹਿੰਮ ਅਧੀਨ ਸਕੂਲ ਦੀ ਚਾਰਦੀਵਾਰੀ ਅੰਦਰ ਪੌਦੇ ਲਗਾਏ ਗਏ ਅਤੇ ਬੱਚੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਸ੍ਰੀ ਸੁਧੀਰ ਠਾਕੁਰ, ਸ੍ਰੀ ਅਰੁਣ ਅਰੋੜਾ, ਮੈਡਮ ਜਗਦੀਪ ਕੌਰ, ਅਜੈਬ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ, ਸਿਪਾਹੀ ਲਹਿਣਾ ਸਿੰਘ ਆਦਿ ਹਾਜ਼ਰ ਸਨ।
EDITED BY : SARA YAHA | | Last Updated :7:40 pm 11 JULY 2018






















