

ਮਾਨਸਾ, 20 ਜੂਨ (ਸਾਰਾ ਯਹਾ): ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਬਾਗਬਾਨੀ ਵਿਭਾਗ ਦੁਆਰਾ ਸਬਜ਼ੀ ਮੰਡੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿੱਥੇ ਸਬਜ਼ੀ ਵਿਕਰੇਤਾਵਾਂ ਅਤੇ ਵਪਾਰੀਆਂ ਨੂੰ ਮਿਲ ਕੇ ਫਲ ਅਤੇ ਸਬਜ਼ੀਆਂ ਦੀ ਪੈਦਾਵਾਰ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਪਰਮੇਸ਼ਰ ਕੁਮਾਰ ਦੁਆਰਾ ਦੱਸਿਆ ਗਿਆ ਕਿ ਫਲ ਅਤੇ ਸਬਜ਼ੀਆਂ ਨੂੰ ਕਈ ਵਪਾਰੀ ਗੈਰ ਕੁਦਤਰੀ ਤਰੀਕੇ ਨਾਲ ਪਕਾ ਕੇ ਵੇਚਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਫਲ ਸਬਜ਼ੀਆਂ ਜਲਦੀ ਪੱਕ ਕੇ ਵੇਚਣ ਯੋਗ ਜ਼ਰੂਰ ਹੋ ਜਾਂਦੇ ਹਨ ਪ੍ਰੰਤੂ ਇਹਨਾਂ ਦੇ ਸੇਵਨ ਨਾਲ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਉਨ੍ਹਾਂ ਦੁਆਰਾ ਸਬਜ਼ੀ ਮੰਡੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ।
ਕੈਂਪ ਦੌਰਾਨ ਉਨ੍ਹਾਂ ਵਪਾਰੀਆਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਕੁਦਰਤੀ ਤਰੀਕੇ ਨਾਲ ਫਲ ਅਤੇ ਸਬਜ਼ੀਆਂ ਪਕਾਉਣ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਮੌਜੂਦ ਕੇਲਾ ਵਪਾਰੀਆਂ ਨੂੰ ਵੀ ਕੇਲਾ ਕੁਦਰਤੀ ਤਰੀਕੇ ਨਾਲ ਪਕਾ ਕੇ ਵੇਚਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੈਲਸ਼ੀਅਮ ਕਾਰਬਾਈਡ ਕੈਮੀਕਲ ਨਾਲ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਣ ਦੀ ਬਜਾਏ ਕੁਦਰਤੀ ਤਰੀਕੇ ਨਾਲ ਪਕਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਆਪਣੇ ਘਰ ਖਾਲੀ ਪਈਆਂ ਥਾਵਾਂ ਤੇ ਸਬਜ਼ੀਆਂ ਆਦਿ ਲਗਾਉਣ ਨੂੰ ਤਰਜ਼ੀਹ ਦੇਣ ਤਾਂ ਜੋ ਸਿਹਤ ਨੂੰ ਸ਼ੁੱਧ ਅਤੇ ਸਾਫ਼ ਸੁਥਰਾ ਖਾਣ ਪੀਣ ਮੁਹੱਈਆ ਹੋ ਸਕੇ ਅਤੇ ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਸਫ਼ਲਤਾ ਮਿਲੇ।
EDITED BY : SARA YAHA | | Last Updated :20June 2018






















