

ਮਾਨਸਾ 5 ਨਵੰਬਰ(ਬਪਸ): ਜੌੜਕੀਆਂ ਪੁਲਿਸ ਵੱਲੋਂ ਪਿੰਡ ਭੰਮੇ ਕਲਾਂ ਦੇ ਇੱਕ ਕਿਸਾਨ ਦੇ ਖਿਲਾਫ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਚ ਮਾਮਲਾ ਦਰਜ ਕਰਕੇ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਾਣਕਾਰੀ ਅਨੁਸਾਰ ਪਿੰਡ ਭੰਮੇ ਕਲਾਂ ਦੇ ਇੱਕ ਗਰੀਬ ਕਿਸਾਨ ਸੀਰਾ ਸਿੰਘ ਪੁੱਤਰ ਕਾਬਲ ਸਿੰਘ ਨੇ ਆਪਣੇ ਖੇਤ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ ਸੀ ਜਿਸ ਤੇ ਜੌੜਕੀਆਂ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਤੁਰੰਤ ਖੇਤ ਚੋਂ ਗ੍ਰਿਫਤਾਰ ਕਰਕੇ ਥਾਣੇ ਲੈ ਗਏ। ਉਨ੍ਹਾਂ ਦੀ ਗ੍ਰਿਫਤਾਰੀ ਦਾ ਜਿੱਥੇ ਕਿਸਾਨ ਜਥੇਬੰਦੀਆਂ ਨੇ ਰੋਸ ਕੀਤਾ ਉੱਥੇ ਪਿੰਡ ਦੇ ਵੀ ਕੁਝ ਛੋਟੇ ਕਿਸਾਨਾਂ ਨੇ ਰੋਸ਼ ਜਤਾਉਂਦਿਆਂ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਪੁਲਸ ਅਤੇ ਸਿਵਲ ਪ੍ਰਸ਼ਾਸਨ ਸਿਰਫ ਗਰੀਬ ਕਿਸਾਨਾਂ ਤੇ ਹੀ ਕਾਰਵਾਈ ਕਰਦੇ ਹਨ ਜਦੋਂ ਕਿ ਧਨਾਡ ਕਿਸਾਨਾਂ ਅਤੇ ਅਸਰ-ਰਸੂਖ ਰੱਖਣ ਵਾਲੇ ਕਿਸਾਨਾਂ ਦੀ ਹਵਾ ਵੱਲ ਵੀ ਨਹੀਂ ਵੇਖ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਪਿੰਡ ਭੰਮੇ ਕਲਾਂ ਵਿਖੇ ਇੱਕ ਸਰਕਾਰੀ ਮੁਲਾਜ਼ਮ ਨੇ ਆਪਣੇ ਖੇਤ ਪਰਾਲੀ ਨੂੰ ਅੱਗ ਲਗਾਈ ਸੀ ਜੋ ਕਿ ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਸੀ ਜਿਸ ਕਾਰਨ ਤਕਰੀਬਨ 20-25 ਮਿੰਟ ਟਰੈਫਿਕ ਜਾਮ ਰਹੀ ਅਤੇ ਇੱਕ ਕਿੱਲੋਮੀਟਰ ਲੰਬਾ ਜਾਮ ਵੀ ਲੱਗ ਗਿਆ ਸੀ। ਇਸੇ ਤਰ੍ਹਾਂ ਕੱਲ੍ਹ ਸੋਮਵਾਰ ਨੂੰ ਇੱਕ ਰਾਜਨੀਤਿਕ ਪਹੁੰਚ ਰੱਖਣ ਵਾਲੇ ਪਿੰਡ ਭੰਮੇ ਕਲਾਂ ਦੇ ਵਿਅਕਤੀ ਨੇ ਆਪਣੇ ਛੇ ਕਿੱਲਿਆਂ ਦੀ ਪਰਾਲ਼ੀ ਨੂੰ ਅੱਗ ਲਗਾ ਦਿੱਤੀ ਜੋ ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਲੱਗਦੀ ਸੀ ਜਿਸ ਕਾਰਨ 30 ਮਿੰਟ ਟਰੈਫਿਕ ਜਾਮ ਰਹੀ ਅਤੇ ਇੱਕ ਕਿਲੋਮੀਟਰ ਲੰਮਾ ਜਾਮ ਲੱਗ ਗਿਆ ਸੀ ਜਿਸ ਤੇ ਕੁਝ ਰਾਹਗੀਰਾਂ ਅਤੇ ਪਿੰਡ ਵਾਸੀਆਂ ਨੇ ਵੀ ਇਸ ਦੀ ਫੋਨ ਤੇ ਸੂਚਨਾ ਥਾਣਾ ਜੋੜਕੀਆਂ ਅਤੇ ਸਬੰਧਤ ਸਿਵਲ ਅਧਿਕਾਰੀਆਂ ਨੂੰ ਦਿੱਤੀ ਸੀ ਜਿਸ ਤੇ ਨੋਡਲ ਅਫਸਰ ਵੱਲੋ ਇੱਕ ਅਧਿਕਾਰੀ ਨੂੰ ਮੌਕੇ ਤੇ ਭੇਜਿਆ ਵੀ ਗਿਆ ਸੀ ਪਰ ਉਹ ਆਪਸੀ ਮਿਲੀਭੁਗਤ ਕਰਕੇ ਵਾਪਸ ਚਲਾ ਗਿਆ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਅੱਜ ਇੱਕ ਗ਼ਰੀਬ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਤੇ ਉਸ ਤੇ ਫਟਾਫਟ ਕਾਰਵਾਈ ਕਰਕੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਸਿਵਲ ਤੇ ਪੁਲਸ ਪ੍ਰਸ਼ਾਸਨ ਦੀ ਇਸ ਦੋਗਲੀ ਨੀਤੀ ਦੀ ਮਾਰ ਸਿਰਫ ਗਰੀਬਾਂ ਨੂੰ ਹੀ ਝੱਲਣੀ ਪੈ ਰਹੀ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਕਾਨੂੰਨ ਸਾਰਿਆਂ ਲਈ ਇਕ ਹੋਣਾ ਚਾਹੀਦਾ ਹੈ ਨਾ ਕਿ ਕਾਨੂੰਨ ਸਿਰਫ ਗਰੀਬਾਂ ਤੇ ਲਾਗੂ ਹੋਵੇ ਉਨ੍ਹਾਂ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਜਾਂ ਸਾਰੇ ਪਰਾਲ਼ੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਤੇ ਮਾਮਲਾ ਦਰਜ ਕੀਤਾ ਜਾਵੇ।























