ਹਲਵਾਈਆਂ ਵਲੋਂ ਦੀਵਾਲੀ ਤੋਂ ਪਹਿਲਾਂ ਦੁਕਾਨਾਂ ਦੀ ਜਾਂਚ ਦੀ ਅਪੀਲ

0
42

ਚੰਡੀਗੜ, (ਸਾਰਾ ਯਹਾ,ਬਲਜੀਤ ਸ਼ਰਮਾ)24 ਅਕਤੂਬਰ:ਮਿਲਾਵਟਖੋਰੀ ਦੇ ਦੋਸ਼ਾਂ ਤੋਂ ਬਾਹਰ ਆਉਣ ਲਈ ਹਲਵਾਈ ਐਸੋਸੀਏਸ਼ਨਾਂ ਸਵੈ-ਇੱਛਾ ਨਾਲ ਫੂਡ ਸੇਫਟੀ ਕਮਿਸ਼ਨਰੇਟ ਕੋਲ ਉਹਨਾਂ ਦੀਆਂ ਦੁਕਾਨਾਂ ਦੀ ਜਾਂਚ ਲਈ ਬੇਨਤੀਆਂ ਲੈ ਕੇ ਆ ਰਹੀਆਂ ਹਨ, ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਸ. ਕਾਹਨ ਸਿੰਘ ਪੰਨੂੰ ਨੇ ਦਿੱਤੀ। ਉਹਨਾਂ ਕਿਹਾ ਕਿ ਜਿਆਦਾਤਰ ਹਲਵਾਈ ਐਸੋਸੀਏਸ਼ਨਾਂ ਦਾ ਮੰਨਣਾ ਹੈ ਕਿ ਕੁਝ ਮਿਲਾਵਟ ਕਰਨ ਵਾਲੇ ਦੁਕਾਨਦਾਰਾਂ ਕਰਕੇ ਸਾਰੇ ਵਪਾਰੀਆਂ ਦਾ ਅਕਸ ਖ਼ਰਾਬ ਹੋ ਰਿਹਾ ਹੈ। ਸ. ਪੰਨੂੰ ਨੇ ਦੱਸਿਆ ਕਿ ਲੋਕਾਂ ਦੇ ਭਰਮ ਨੂੰ ਦੂਰ ਕਰਨ ਲਈ ਹਲਵਾਈ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਆਪਣੇ ਉਤਪਾਦਾਂ ਦੀ ਜਾਂਚ ਕਰਵਾਉਣਾ ਚਾਹੁੰਦੇ ਹਨ ਤਾਂ ਜੋ ਮਿਠਾਈਆਂ ਦੀ ਵਿਕਰੀ ’ਤੇ ਮਾੜਾ ਅਸਰ ਨਾ ਪਵੇ। ਸ. ਪੰਨੂੰ ਨੇ ਕਿਹਾ, ‘‘ਸਾਰਿਆਂ ਲਈ ਮਿਆਰੀ ਖੁਰਾਕ ਪਦਾਰਥਾਂ ਨੂੰ ਯਕੀਨੀ ਬਣਾਉਣਾ ਸਾਡਾ ਟੀਚਾ ਹੈ। ਅਸੀਂ ਹਲਵਾਈਆਂ ਦੀ ਚਿੰਤਾ ਤੋਂ ਜਾਣੂੰ ਹਾਂ।’’ ਉਹਨਾਂ ਅੱਗੇ ਕਿਹਾ, ‘‘ਰੋਜ਼ਾਨਾ ਵੱਧ ਤੋਂ ਵੱਧ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਤਿਉਹਾਰਾਂ ਸਮੇਂ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੋਵਾਂ ਨੂੰ ਫਾਇਦਾ ਹੋਵੇ।’’ ਸ. ਪੰਨੂੰ ਨੇ ਕਿਹਾ ਕਿ ਜਾਂਚ/ਨਮੂਨੇ ਲੈਣ ਦਾ ਸੱਦਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਵੱਡੇ ਪੱਧਰ ’ਤੇ ਲੋਕਾਂ ਲਈ ਮਿਆਰੀ ਖਾਧ ਪਦਾਰਥਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿਚ ਸਫਲ ਰਿਹਾ ਹੈ। ਖੁਰਾਕ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਮਿਲਾਵਟਖੋਰੀ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲੋਕਾਂ ਨੂੰ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਏ ਜਾਣਗੇ। ਚਲ ਰਹੀ ਜਾਂਚ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆ ਸ. ਪੰਨੂੰ ਨੇ ਕਿਹਾ ਕਿ ਵੱਡੇ ਪੱਧਰ ’ਤੇ ਛਾਪੇਮਾਰੀ ਅਤੇ ਨਮੂਨੇ ਲੈਣਾ ਜਾਰੀ ਹੈ। ਉਹਨਾਂ ਕਿਹਾ ਕਿ ਜਾਂਚ ਪਿੱਛੋਂ ਵਧੀਆ ਨਤੀਜਾ ਸਾਹਮਣੇ ਆਇਆ ਹੈ ਕਿ ਹਲਵਾਈ ਵਰਕਸ਼ਾਪਾਂ ਵਿੱਚ ਸਾਫ਼ ਸਫਾਈ ਵਿੱਚ ਬਹੁਤ ਸੁਧਾਰ ਹੋਇਆ ਹੈ। ਸ. ਪੰਨੂੰ ਨੇ ਦਾਅਵਾ ਕੀਤਾ ਕਿ ਅਸੀਂ ਇਸ ਸਬੰਧੀ ਹਲਵਾਈਆਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਾਂ ਅਤੇ ਕਾਫੀ ਹੱਦ ਤੱਕ ਸਾਫ਼-ਸਫਾਈ ਯਕੀਨੀ ਬਣਾਉਣ ਵਿੱਚ ਸਫ਼ਲ ਰਹੇ ਹਾਂ।

LEAVE A REPLY

Please enter your comment!
Please enter your name here