

ਬੁਢਲਾਡਾ 8 ਅਕਤੂਬਰ(ਅਮਨ ਮਹਿਤਾ): ਸਮਾਜ ਸੇਵਾ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਥਾ ਦੇ ਦੋ ਸਾਲ ਪੂਰੇ ਹੋਣ ਤੇ ਸਾਲਾਨਾ ਪ੍ਰੋਗਰਾਮ 19 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੇਕੀ ਰਨ ਫਾਰ ਫਨ (ਮਿੰਨੀ ਮੈਰਾਥਨ) ਅਤੇ ਨੇਕੀ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦਾ ਮਿੰਨੀ ਮੈਰਾਥਨ ਦੌੜ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਦੀ ਸੰਭਾਲ ਅਤੇ ਖੇਡਾਂ ਪ੍ਰਤੀ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਿੰਨੀ ਮੈਰਾਥਨ ਦੌੜ ਦਾ ਆਰੰਭ ਨੇ ਅਕਤੂਬਰ ਨੂੰ ਸਵੇਰੇ 6 ਵਜੇ ਚੌੜੀ ਗਲੀ ਬੁਢਲਾਡਾ ਤੋਂ ਕੀਤਾ ਜਾਵੇਗਾ ਅਤੇ ਪੂਰੇ ਸ਼ਹਿਰ ਨੂੰ ਕਵਰ ਕਰਦੀ ਹੋਈ ਇਹ ਮੈਰਾਥਨ ਲਗਭਗ ਪੰਜ ਕਿਲੋਮੀਟਰ ਦੀ ਦੂਰੀ ਤੈਅ ਕਰੇਗੀ । ਇਸ ਵਾਰ ਮੈਰਾਥਨ ਅੰਬੈਸਡਰ ਚੈਰਿਟੀ ਰਨਰ ਸੁਨੀਲ ਸ਼ਰਮਾ ਜੀ ਨੂੰ ਲਿਆ ਗਿਆ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਰੂਸ ਵਿੱਚ ਹੋਣ ਵਾਲੀ ਵਿਸ਼ਵ ਪੱਧਰ ਦੀ ਮੈਰਾਥਨ ਵਿੱਚ ਭਾਰਤ ਵੱਲੋਂ ਜਾ ਰਹੇ ਹਨ। ਉਹਨਾਂ ਦੱਸਿਆ ਕਿ ਨੇਕੀ ਰਨ ਫ਼ਾਰ ਫਨ ਵਿਚ ਹਰੇਕ ਉਮਰ ਦੇ ਮਰਦ ਔਰਤਾਂ ਬੱਚੇ ਭਾਗ ਲੈ ਸਕਦੇ ਹਨ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ 19 ਅਕਤੂਬਰ ਦੀ ਸ਼ਾਮ ਨੂੰ ਇੱਕ ਨੇਕੀ ਨਾਈਟ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਸਮਾਜ ਸੇਵਾ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨੇਕੀ ਨਾਇਟ ਫਾਰ ਹੁਮਾਨਿਟੀ ਉੱਤੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਗੁਰਸ਼ਰਨ ਭਾਜੀ ਦੀ ਟੀਮ ਵੱਲੋਂ ਮਿੱਟੀ ਰੁਦਨ ਕਰੇ ਅਤੇ ਇਹ ਲਹੂ ਕਿਸਦਾ ਹੈ ਨਾਟਕ ਖੇਡੇ ਜਾਣਗੇ ਅਤੇ ਅੱਜ ਦੀਆਂ ਸਭ ਤੋਂ ਜ਼ਰੂਰੀ ਸਮੱਸਿਆਵਾਂ ਵਾਰੇ ਇਹਨਾਂ ਨਾਟਕਾਂ ਰਾਹੀਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੇਕੀ ਫਾਊਂਡੇਸ਼ਨ ਨੂੰ ਹਰ ਤਰ੍ਹਾਂ ਨਾਲ ਮਦਦ ਕਰਨ ਵਾਲੇ ਡੋਨਰਾ ਦਾ ਵੀ ਨੇਕੀ ਨਾਈਟ ਮੌਕੇ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਦੁਨੀਆਂ ਦੇ ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਬਠਿੰਡਾ ਵੱਲੋਂ ਲਾਈਵ ਚਿੱਤਰਕਾਰੀ ਕਰਕੇ ਦਿਖਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨੇਕੀ ਨਾਈਟ ਫਾਰ ਹਿਊਮੈਨਿਟੀ ਪ੍ਰੋਗਰਾਮ ਦਾ ਆਯੋਜਨ ਸਥਾਨਕ ਰਾਮ ਲੀਲਾ ਗਰਾਊਂਡ ਵਿਖੇ ਕੀਤਾ ਜਾਵੇਗਾ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਨੇਕੀ ਨਾਈਟ ਫਾਰ ਹਿਊਮੈਨਿਟੀ ਅਤੇ ਨੇਕੀ ਮੈਰਾਥਨ ਦੌੜ ਪ੍ਰੋਗਰਾਮ ਦੇ ਆਯੋਜਨ ਲਈ ਸੰਸਥਾ ਵੱਲੋਂ ਕੋਈ ਵੀ ਇਕੱਠੀ ਕੀਤੀ ਗਈ ਦਾਨ ਦੀ ਰਾਸ਼ੀ ਨਾ ਖ਼ਰਚ ਕਰਕੇ, ਪੂਰੀ ਤਰ੍ਹਾਂ ਵਪਾਰਕ ਜਾਂ ਹੋਰ ਅਦਾਰਿਆ ਵੱਲੋਂ ਸਪੌਂਸਰ ਕਰਵਾਇਆ ਗਿਆ ਹੈ।






















