ਪੰਜਾਬ ਵਿੱਚ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਅਤੇ ਸਕਿੱਲ ਯੂਨੀਵਰਸਿਟੀ ਸਥਾਪਤ ਕਰੇ ਕੇਂਦਰ ਸਰਕਾਰ : ਚੰਨੀ

0
9

ਚੰਡੀਗੜ੍ਹ/ਦਿੱਲੀ, (ਸਾਰਾ ਯਹਾ,ਬਲਜੀਤ ਸ਼ਰਮਾ) 30 ਸਤੰਬਰ : ਪੰਜਾਬ ਦੇ ਤਕਨੀਕੀ ਸਿੱਖਿਆ ਤੇ ਰੁਜ਼ਗਾਰ ਉੱਤਪਤੀ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਸਰਕਾਰ ਤੋਂ ਪੰਜਾਬ ਵਿੱਚ ਇੰਟਰਨੈਸ਼ਨਲ ਸਕਿੱਲ ਸੈਂਟਰ ਅਤੇ ਸਕਿੱਲ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ ਕੀਤੀ ਹੈ। ਮੰਤਰੀ ਨੇ ਇਹ ਮੰਗ ਅੱਜ ਪਰਵਾਸੀ ਭਾਰਤੀ ਭਵਨ, ਨਵੀਂ ਦਿੱਲੀ ਵਿਖੇ ਕਰਵਾਏ ਰਾਸ਼ਟਰੀ ਸੰਮੇਲਨ ਦੌਰਾਨ ਹੁਨਰ ਵਿਕਾਸ ਬਾਰੇ ਵਿਜ਼ਨ ਡਾਕੂਮੈਂਟ ਪੇਸ਼ ਕਰਨ ਮੌਕੇ ਰੱਖੀ। ਇਹ ਸੰਮੇਲਨ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰੀ ਡਾ. ਮਹੇਂਦਰਾ ਨਾਥ ਪਾਂਡੇ ਦੀ  ਅਗਵਾਈ ਹੇਠ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਕਰਵਾਇਆ ਗਿਆ ਜਿਸ ਵਿੱਚ 18 ਸੂਬਿਆਂ ਦੇ ਮੰਤਰੀਆਂ ਨੇ ਭਾਗ ਲਿਆ।

ਪੰਜਾਬ ਦੇ ਤਕਨੀਕੀ ਸਿੱÎਖਿਆ ਤੇ ਰੁਜ਼ਗਾਰ ਉੱਤਪਤੀ ਮੰਤਰੀ ਸ੍ਰੀ ਚੰਨੀ ਨੇ ਪੰਜਾਬ ਲਈ ਭਵਿੱਖਮੁਖੀ ਦਸਤਾਵੇਜ਼ ਪੇਸ਼ ਕਰਨ ਮੌਕੇ ਭਾਰਤ ਸਰਕਾਰ ਤੋਂ ਪੰਜਾਬ ਵਿੱਚ ਅੰਤਰਰਾਸ਼ਟਰੀ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਦੀ ਮੰਗ ਰੱਖੀ ਤਾਂ ਜੋ ਨੌਜਵਾਨਾਂ ਨੂੰ ਵਿਦੇਸ਼ ਵਿੱਚ ਜਾ ਕੇ ਉਦਯੋਗ ਵਿੱਚ  ਕੰਮ ਕਰਨ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ ।

ਸ੍ਰੀ ਚੰਨੀ ਨੇ ਪੰਜਾਬ ਲਈ ਸਕਿੱਲ ਯੂਨੀਵਰਸਿਟੀ ਦੀ ਮੰਗ ਵੀ ਰੱਖੀ ਅਤੇ ਕਿਹਾ ਕਿ ਸੂਬਾ ਸਰਕਾਰ ਇਸ ਯੂਨੀਵਰਸਿਟੀ ਦੀ ਸਥਾਪਨਾ ਲਈ ਜ਼ਮੀਨ ਮੁਹੱਈਆ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਹੁਨਰ ਸਿਖਲਾਈ ਕੋਰਸ ਚਲਾਉਣ ਦੇ ਨਾਲ ਨਾਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਸੈਂਟਰ ਆਫ਼ ਐਕਸੀਲੈਂਸ ਵੀ ਸਥਾਪਤ ਕੀਤੇ ਜਾਣਗੇ। ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੇ ਸਾਰੇ ਹੁਨਰ ਸਿਖਲਾਈ ਕੇਂਦਰਾਂ ਲਈ ਇਹ ਸਕਿੱਲ ਯੂਨੀਵਰਸਿਟੀ  ਅਸੈਸਮੈਂਟ ਅਤੇ ਸਰਟੀਫਿਕੇਸ਼ਨ ਅਥਾਰਟੀ ਹੋਣੀ ਚਾਹੀਦੀ ਹੈ। ਸ੍ਰੀ ਚੰਨੀ ਨੇ ਕਿਹਾ ਕਿ ਇਸ ਨਾਲ ਹੁਨਰ ਸਿਖਲਾਈ ਦੇ ਮਿਆਰ ਵਿੱਚ ਵਾਧਾ ਹੋਵੇਗਾ ਅਤੇ ਸਾਡੇ ਨੌਜਵਾਨ ਨੂੰ ਵੀ ਆਸਾਨੀ ਨਾਲ  ਰਾਸ਼ਟਰੀ ਅਤੇ ਅੰਦਰਰਾਸ਼ਟਰੀ  ਉਦਯੋਗਾਂ ਵਿੱਚ ਰੁਜ਼ਗਾਰ ਦੇ ਮੌਕੇ ਮਿਲਣਗੇ।

ਸ੍ਰੀ ਚੰਨੀ ਨੇ  ਹੁਨਰ ਵਿਕਾਸ  ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰਾਲੇ ਨੂੰ  ਪੀ.ਐਮ.ਕੇ.ਵੀ.ਵਾਈ ਸਕੀਮ ਦੀ ਪ੍ਰਬੰਧਕੀ ਲਾਗਤ 4 ਫੀਸਦ ਤੋਂ ਵਧਾ ਕੇ 8 ਫੀਸਦ ਕਰਨ ਦੀ ਬੇਨਤੀ ਵੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਨੂੰ ਵੱਖਰੇ ਤੌਰ ‘ਤੇ ਹੁਨਰ ਵਿਕਾਸ ਸਕੀਮਾਂ ਚਲਾਉਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ ਕਿਉਂ ਕਿ ਵੱਖ ਵੱਖ ਰਾਜਾਂ ਦੀਆਂ ਵੱਖ ਵੱਖ ਸਕਿੱਲ ਜ਼ਰੂਰਤਾਂ ਹਨ ਅਤੇ ਭਾਰਤ ਸਰਕਾਰ ਨੂੰ ਸਿਰਫ਼ ਮੋਨੀਟਰਿੰਗ ਅਥਾਰਟੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਇਸ ਮੌਕੇ ਸ੍ਰੀ ਚੰਨੀ ਨੇ ਹੁਨਰ ਵਿਕਾਸ ਅਤੇ ਉੱਦਮਤਾ ਬਾਰੇ ਕੇਂਦਰੀ ਮੰਤਰੀ ਡਾ. ਮਹੇਂਦਰਾ ਨਾਥ ਪਾਂਡੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਬਾਕੀ ਰਾਜਾਂ ਦੇ ਮੰਤਰੀਆਂ ਨੂੰ ਵੀ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here