ਬਿਜਲੀ ਮੰਤਰੀ ਨੇ ਕੀਤੀ ਤੰਦਰੁਸਤ ਪੰਜਾਬ ਮਿਸ਼ਨ ਦੀ ਸ਼ੁਰੂਆਤ

0
0

ਮਾਨਸਾ 05, ਜੂਨ ( ਬਲਜੀਤ ਸ਼ਰਮਾ  ) :  ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਸਬੰਧੀ ਕਰਵਾਏ ਗਏ ਜਿਲ੍ਹਾ ਪੱਧਰੀ ਸਮਾਗਮ ਵਿਚ ਮਾਨਯੋਗ ਬਿਜਲੀ ਮੰਤਰੀ  ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮੁੱਖ ਮਹਿਮਾਨ ਵਜ਼ੋਂ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਤੰਦਰੁਸਤ ਸਿਹਤ ਲਈ ਤੰਦਰੁਸਤ ਵਾਤਾਵਰਨ ਅਤੇ ਸ਼ੁੱਧ ਹਵਾ ਅਤੇ ਪਾਣੀ ਦਾ ਹੋਣਾ ਬਹੁਤ ਲਾਜ਼ਮੀ ਹੈ। ਮਿਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਸਬੰਧੀ ਸਾਨੂੰ ਖੁਦ ਨੂੰ ਜਾਗਰੂਕ ਅਤੇ ਜ਼ਿੰਮੇਵਾਰ ਹੋਣ ਦੀ ਲੋੜ ਹੈ ਤਾਂ ਜੋ ਮਾੜੇ ਅਨਸਰਾਂ ਤੇ ਕਾਬੂ ਪਾਇਆ ਜਾ ਸਕੇ। ਨੌਜਵਾਨਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਵਿਚ ਜਾ ਕੇ ਬਿਨਾਂ ਕਿਸੇ ਸੰਗ ਸ਼ਰਮ ਦੇ ਕੰਮ ਕਰਦੇ ਹਨ ਉਸੇ ਤਰਾਂ ਇੱਥੇ ਵੀ ਨੌਜਵਾਨਾਂ ਨੂੰ ਕੋਈ ਵੀ ਹੱਥੀ ਕੰਮਕਾਰ ਕਰਨ ਵਿਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਅਤੇ ਹੱਥੀ ਕੰਮ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਪਰਾਲੀ ਦੇ ਧੂੰਏ ਦੇ ਸਿਹਤ ਸਬੰਧੀ ਨੁਕਸਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪਰਾਲੀ ਦਾ ਧੂੰਆਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਕਾਰਨ ਪਿਛਲੇ ਸਾਲਾਂ ਨਾਲੋਂ ਇਸ ਵਾਰ 40 ਪ੍ਰਤੀਸ਼ਤ ਘੱਟ ਪਰਾਲੀ ਨੂੰ ਅੱਗ ਲਗਾਈ ਗਈ ਹੈ ਜੋ ਕਿ ਸ਼ਲਾਘਾਯੋਗ ਹੈ। ਫਸਲਾਂ ਦਾ ਝਾੜ ਵਧਾਉਣ ਦੇ ਲਾਲਚ ਵਿਚ ਜ਼ਿਆਦਾ ਖਾਦ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀਆਂ, ਫਲਾਂ ਨੂੰ ਜਲਦੀ ਪਕਾਉਣ ਲਈ ਟੀਕੇਆਂ ਦੀ ਸਪਰੇਹ ਕਰਨੀ ਬੰਦ ਕਰਨੀ ਚਾਹੀਦੀ ਹੈ।  ਜੇਕਰ ਅਸੀਂ ਇਨ੍ਹਾਂ ਚੀਜ਼ਾਂ ਦਾ ਗੁਰੇਜ਼ ਕਰਾਂਗੇ ਤਾਂ ਹੀ ਸਾਡੀਆਂ ਜ਼ਿੰਦਗੀਆਂ ਦਾ ਬਚਾਅ ਹੋ ਸਕੇਗਾ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ੍ਰ. ਅਜੀਤ ਇੰਦਰ ਸਿੰਘ ਮੋਫ਼ਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਛੱਪੜਾਂ ਦੇ ਪ੍ਰਦੂਸ਼ਤ ਪਾਣੀ ਸਬੰਧੀ ਚਿੰਤਾ ਪ੍ਰਗਟਾਈ ਅਤੇ ਪਲਾਸਟਿਕ ਦੀ ਵਰਤੋ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਮਹਿਮਾਨਾਂ ਅਤੇ ਸਮੂਹ ਲੋਕਾਂ ਨੂੰ ਜੀ ਆਇਆਂ ਆਖਦੇ ਹੋਏ ਤੰਦਰੁਸਤ ਪੰਜਾਬ ਮਿਸ਼ਨ ਵਿਚ ਵੱਖ-ਵੱਖ ਵਿਭਾਗਾਂ ਦੁਆਰਾ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਛੱਪੜਾਂ ਦੀ ਨਿਸ਼ਾਨਦੇਹੀ ਕਰਕੇ ਜਲਦ ਤੋਂ ਜਲਦ ਇਹ ਛੱਪੜ ਚਾਲੂ ਕੀਤੇ ਜਾਣਗੇ ਤਾਂ ਜੋ ਪਾਣੀ ਦੀ ਵਿਵਸਥਾ ਕੀਤੀ ਜਾ ਸਕੇ। ਉਨ੍ਹਾਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਇਸ ਮਿਸ਼ਨ ਨੂੰ ਲੋਕਾਂ ਦੇ ਸਹਿਯੋਗ ਨਾਲ ਕਾਮਯਾਬ ਬਣਾਇਆ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਪੰਜਾਬੀਆਂ ਦੀ ਤੰਦਰੁਸਤੀ ਅਤੇ ਬਹਾਦਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸਨੂੰ ਬਰਕਰਾਰ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਪਾਣੀ ਦੀ ਹੋ ਰਹੀ ਦੁਰਵਰਤੋ ਨੂੰ ਰੋਕਣ ਸਬੰਧੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦਾ ਸਤਲ ਹੇਠਾਂ ਵੱਲ ਜਾਣ ਸਬੰਧੀ ਚਿੰਤਾ ਪ੍ਰਗਟਾਈ ਅਤੇ ਪਾਣੀ ਨੂੰ ਬਚਾਉਣ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਲਈ ਕਿਹਾ।
ਐਸ.ਡੀ.ਓ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਸ੍ਰੀ ਰਵੀਪਾਲ ਗਰਗ ਨੇ ਪਲਾਸਟਿਕ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਪ੍ਰਦੂਸਣ ਕੰਟਰੋਲ ਬੋਰਡ ਵੱਲੋਂ ਪਲਾਸਟਿਕ ਨੂੰ ਖਤਮ ਕਰਨਾ ਮੁੱਖ ਟੀਚਾ ਅਪਣਾਇਆ ਗਿਆ ਹੈ ਤਾਂ ਜੋ ਦੇਸ਼ ਨੂੰ ਪਲਾਸਟਿਕ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਹਵਾ,ਪਾਣੀ ਅਤੇ ਮਿੱਟੀ ਪ੍ਰਦੂਸ਼ਨ ਮੁਕਤ ਹੁੰਦਾ ਹੈ ਤਾਂ ਹੀ ਪੰਜਾਬ ਤੰਦਰੁਸਤ ਹੋਵੇਗਾ। ਉਨ੍ਹਾਂ ਪੁਰਾਣੇ ਸਮੇਂਆਂ ਦੀਆਂ ਵੱਖ-ਵੱਖ ਉਦਾਹਰਣਾ ਦੇ ਕੇ ਪਾਣੀ ਦੀ ਸੰਭਾਲ ਸਬੰਧੀ ਲੋਕਾਂ ਨੂੰ ਪ੍ਰੇਰਿਤ ਕੀਤਾ।
ਇਸ ਦੌਰਾਨ ਮੱਖਣ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਅਵਤਾਰ ਸਿੰਘ ਜਿਲ੍ਹਾ ਹੈਲਥ ਪ੍ਰੋਜੈਕਟ ਮੈਨੇਜ਼ਰ ਨੇ ਵੀ ਸੰਬੋਧਨ ਕੀਤਾ।
ਸਮਾਗਮ ਦੇ ਅਖੀਰ ਵਿਚ ਮਾਨਸਾ ਦੇ ਤਕਰੀਬਨ 200 ਪਿੰਡਾਂ ਵਿਚ ਮੁਫ਼ਤ ਯੋਗਾ ਕੈਂਪ ਲਾ ਕੇ ਜਿਲ੍ਹੇ ਦੇ ਲਗਭਗ 20 ਹਜ਼ਾਰ ਲੋਕਾਂ ਨੂੰ ਯੋਗ ਕਰਵਾ ਚੁੱਕੇ ਸ੍ਰੀ ਦੀਪ ਚੰਦ ਯੋਗਾ ਮਾਸਟਰ ਦਾ ਅਤੇ ਅਥਲੈਟਿਕਸ ਨੈਸ਼ਨਲ ਪਲੇਅਰ ਰਹਿ ਚੁੱਕੇ ਸਟੇਟ ਬੈਂਕ ਆਫ਼ ਇੰਡੀਆ ਵਿਚ ਆਰਮਡ ਗਾਰਡ ਜਸਵੀਰ ਸਿੰਘ ਜੋ ਕਿ ਪਿਛਲੇ 6 ਸਾਲ ਤੋਂ ਪ੍ਰੈਕਟਿਸ ਵੀ ਕਰਵਾ ਰਹੇ ਹਨ। ਹੁਣ ਤੱਕ 27 ਮੁੰਡੇ ਆਰਮੀ ਅਤੇ 12 ਪੁਲਿਸ ਵਿਚ ਭਰਤੀ ਕਰਵਾ ਚੁੱਕੇ ਹਨ ਦਾ ਸਨਮਾਨ ਕੀਤਾ ਗਿਆ।


EDITED BY : SARA YAHA | | Last Updated :5 June 2018

 

LEAVE A REPLY

Please enter your comment!
Please enter your name here