

ਮਾਨਸਾ, 29 ਮਈ(ਹੀਰਾ ਸਿੰਘ ਮਿੱਤਲ ): ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੇ ਹੁਕਮਾਂ ਅਤੇ ਸਿਵਲ ਸਰਜਨ ਡਾ. ਅਨੂਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਂਗੂ ਅਤੇ ਮਲੇਰੀਆ ਦੇ ਸੀਜ਼ਨ ਨੂੰ ਦੇਖਦੇ ਹੋਏ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵੱਲੋਂ ਵੱਖ-ਵੱਖ ਦਫਤਰਾਂ ਦੇ ਕੂਲਰਾਂ, ਪਾਣੀ ਵਾਲੇ ਬਰਤਨ ਅਤੇ ਟੂਟੀਆਂ ਦੀ ਲੀਕੇਜ ਦੀ ਚੈਕਿੰਗ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਜਿਲ੍ਹਾ ਐਪੀਡੀਮਾਲੋਜਿਸਟ ਸ਼ੀ੍ਰ ਸੰਤੋਸ਼ ਕੁਮਾਰ ਭਾਰਤੀ ਅਤੇ ਟੀਮ ਵਲੋਂ ਵੱਖ-ਵੱਖ ਵਿਭਾਗਾਂ ਦੇ ਦਫਤਰ ਜਿਵੇਂ ਸਿਵਲ ਸਰਜਨ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਟਿਊਬਵੈਲ ਕਾਰਪੋਰੇਸ਼ਨ, ਫੂਡ ਸਪਲਾਈ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਾਗਬਾਨੀ, ਰਿਹਾਇਸ਼ ਡਿਪਟੀ ਕਮਿਸ਼ਨਰ ਮਾਨਸਾ ਅਤੇ ਲੋਕ ਨਿਰਮਾਣ ਵਿਭਾਗ ਦੇ ਕੂਲਰਾਂ, ਪਾਣੀ ਵਾਲੇ ਬਰਤਨ ਅਤੇ ਟੂਟੀਆਂ ਦੀ ਲੀਕੇਜ ਚੈਕ ਕੀਤੀ ਗਈ, ਜਿਸ ਦੌਰਾਨ ਕੋਈ ਵੀ ਲਾਰਵਾ ਨਹੀ ਪਾਇਆ ਗਿਆ।
ਉਨ੍ਹਾਂ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਦਫਤਰ ਦੇ ਪਿਛਲੇ ਪਾਸੇ ਪੁਰਾਣੇ ਟਾਇਰ ਅਤੇ ਖਾਲੀ ਲੁੱਕ ਵਾਲੇ ਡਰੱਮ ਪਏ ਸਨ, ਜਿਨ੍ਹਾਂ ਦਾ ਸਹੀ ਨਿਪਟਾਰਾ ਕਰਨ ਲਈ ਵਿਭਾਗ ਨੂੰ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਵਿਭਾਗਾਂ ਨੂੰ ਕਿਹਾ ਗਿਆ ਕਿ ਡੇਂਗੂ ਦੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਹਫਤੇ ਦੇ ਹਰ ਸ਼ੁਕਰਵਾਰ ਦੇ ਦਿਨ ਸਰਕਾਰੀ ਦਫਤਰਾਂ ਵਿੱਚ ਡਰਾਈ ਡੇ ਘੋਸ਼ਿਤ ਕੀਤਾ ਜਾਵੇ, ਭਾਵ ਕਿ ਦਫਤਰਾਂ ਵਿੱਚ ਹਰ ਸ਼ੁਕਰਵਾਰ ਨੂੰ ਕੂਲਰਾਂ ਨੂੰ ਸਾਫ ਕਰਕੇ ਸੁਕਾਇਆ ਜਾਵੇ, ਪਾਣੀ ਦੀਆ ਟੈਂਕੀਆਂ ਦੇ ਢੱਕਣ ਚੈਕ ਕੀਤੇ ਜਾਣ ਅਤੇ ਹੋਰ ਪਾਣੀ ਦੇ ਬਰਤਨਾਂ ਆਦਿ ਦੀ ਸਫਾਈ ਕੀਤੀ ਜਾਵੇ, ਤਾਂ ਜੋ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਡੇਂਗੂ, ਮਲੇਰੀਆ, ਚਿਕਨਗੁਨੀਆਂ ਸਬੰਧੀ ਲੋਕਾਂ ਨੂੰ ਸੂਚੇਤ ਕਰਨ ਲਈ ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਲਾਰਵਾ ਚੈਕ ਕਰਨ ਲਈ ਘਰ-ਘਰ ਟੀਮਾਂ ਭੇਜੀਆ ਜਾ ਰਹੀਆਂ ਹਨ। ਉਨ੍ਹਾਂ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਓ, ਪਾਣੀ ਭਰੇ ਬਰਤਨ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾ ਸਾਫ ਅਤੇ ਢੱਕ ਕੇ ਰੱਖੋ, ਹਫਤੇ ਵਿੱਚ ਇੱਕ ਵਾਰ ਆਪਣੇ ਕੂਲਰਾਂ ਨੂੰ ਖਾਲੀ ਕਰਕੇ ਧੁੱਪ ਵਿੱਚ ਸੁਕਾਓ। ਉਨ੍ਹਾਂ ਦੱਸਿਆ ਕਿ ਇੰਨਾਂ ਬਿਮਾਰੀਆਂ ਨੂੰ ਖਤਮ ਕਰਨ ਲਈ ਸਾਡੀ ਸਭ ਦੀ ਜੁੰਮੇਵਾਰੀ ਬਣਦੀ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਕੰਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।

EDITED BY : SARA YAHA | | Last Updated : 29 May 2018






















