ਮਾਨਸਾ, 13 ਜੂਨ (ਸਾਰਾ ਯਹਾ,(ਬਲਜੀਤ ਸ਼ਰਮਾ) : 3 ਡੀ ਪ੍ਰੋਜੈਕਟ ਅਧੀਨ ਜ਼ਿਲ੍ਹਾ ਮਾਨਸਾ ਨੂੰ ਸਾਫ਼ ਅਤੇ ਸਵਸਥ ਬਣਾਉਣ ਦੇ ਟੀਚੇ ਵੱਲ ਵਧਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸ਼ਾਂਤੀ ਨਿਕੇਤਨ ਮੰਦਿਰ ਵਿਖੇ ਮਹਿਲਾਵਾਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਮਹਿਲਾਵਾਂ ਨਾਲ ਘਰ ਦੇ ਕੂੜੇ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮਹਿਲਾਵਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਜ਼ਿਲ੍ਹੇ ਨੂੰ ਸਾਫ਼ ਰੱਖਣ ਅਤੇ ਕੂੜੇ ਦੇ ਸੁਚੱਜੇ ਪ੍ਰਬੰਧਾਂ ਲਈ ਚਲਾਇਆ ਗਿਆ ਹੈ। ਇਸ ਅਧੀਨ ਤਿੰਨ ਕੂੜੇਦਾਨ ਘਰਾਂ ‘ਚ ਵੰਡੇ ਗਏ ਹਨ। ਇੱਕ ਵਿੱਚ ਜੂਠਾ ਖਾਣ, ਦੂਜੇ ਵਿੱਚ ਗਲਣਯੋਗ ਕੂੜਾ ਅਤੇ ਤੀਜੇ ਕੂੜਾਦਾਨ ਵਿੱਚ ਨਾ ਗਲਣਯੋਗ ਕੂੜਾ ਵੱਖ-ਵੱਖ ਕਰਕੇ ਰੱਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਬਚਿਆ ਹੋਇਆ ਖਾਣਾ ਗਊਸ਼ਾਲਾ ਨੂੰ ਭੇਜਿਆ ਜਾਂਦਾ ਹੈ, ਉਥੇ ਹੀ ਪਲਾਸਟਿਕ ਦਾ ਸਾਮਾਨ, ਡੱਬੇ, ਗੱਤੇ ਆਦਿ ਕਬਾੜੀਏ ਨੂੰ ਦੇ ਦਿੱਤੇ ਜਾਂਦੇ ਹਨ। ਮਹਿਲਾਵਾਂ ਨੇ ਇਸ ਮੌਕੇ ਛੱਪੜ ਦੀ ਗੰਦਗੀ ਸਬੰਧੀ ਸਮੱਸਿਆਵਾਂ ਡਿਪਟੀ ਕਮਿਸ਼ਨਰ ਨਾਲ ਸਾਂਝੀਆਂ ਕੀਤੀਆਂ, ਜਿਸ ਦਾ ਹੱਲ ਦੱਸਿਆ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਛੱਪੜ ਵਾਲੀ ਥਾਂ ਨੂੰ ਸਾਫ਼ ਕਰਨ ਲਈ ਨਗਰ ਕੌਂਸਲ ਮਾਨਸਾ ਵੱਲੋਂ ਜਲਦ ਹੀ 2 ਖਰੀਦੀਆਂ ਜਾ ਰਹੀਆਂ ਹਨ, ਜਿਸ ਨਾਲ ਕਈ ਸਾਲਾਂ ਤੋਂ ਪਿਆ ਕੂੜਾ ਸਾਫ਼ ਕਰ ਦਿੱਤਾ ਜਾਵੇਗਾ। ਪ੍ਰੰਤੂ ਨਾਲ ਹੀ ਲੋੜ ਹੈ ਕਿ ਅਸੀਂ ਨਵਾਂ ਕੂੜਾ ਪੈਦਾ ਨਾ ਹੋਣ ਦਈਏ ਬਲਕਿ ਉਸਦਾ ਸੁਚੱਜੇ ਤਰੀਕੇ ਨਾਲ ਨਿਪਟਾਰਾ ਕਰੀਏ। ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤੱਯ ਮਾਦਨ ਨੇ ਦੱਸਿਆ ਕਿ ਹਰ ਹਫ਼ਤੇ ਇਸ ਤਰ੍ਹਾਂ ਦੀਆਂ ਬੈਠਕਾਂ ਕੀਤੀਆਂ ਜਾਣਗੀਆਂ, ਤਾਂ ਜੋ ਆਮ ਜਨਤਾ ਨੂੰ ਇਸ ਮੁਹਿੰਮ ਨਾਲ ਜੋੜ ਕੇ ਇਸ ਨੂੰ ਸਫ਼ਲਤਾ ਨਾਲ ਚਲਾਇਆ ਜਾ ਸਕੇ।