ਮਾਨਸਾ, 24 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਟਲ ਫਾਉਂਡੇਸ਼ਨ ਵਲੋਂ ਸਥਾਪਨਾ ਦਿਵਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮਦਿਨ ਨੂੰ ਸਮਰਪਿਤ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆ ਸ਼ਖ਼ਸੀਅਤਾਂ ਦਾ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਇਹ ਜਾਣਕਾਰੀ ਦਿੰਦਿਆ ਅਪੈਕਸ ਕਲੱਬ ਮਾਨਸਾ ਦੇ ਵਾਈਸ ਪ੍ਰਧਾਨ ਅਸ਼ਵਨੀ ਜਿੰਦਲ ਨੇ ਦੱਸਿਆ ਕਿ ਅਟਲ ਫਾਉਂਡੇਸ਼ਨ ਦੀ ਰਾਸ਼ਟਰੀ ਪ੍ਰਧਾਨ ਮੈਡਮ ਅਪਰਨਾ ਦੀ ਅਗਵਾਈ ਹੇਠ ਹਰ ਸਾਲ ਉਦਯੋਗਿਕ, ਵਪਾਰਕ ਅਤੇ ਸਮਾਜਸੇਵੀ ਕੰਮਾਂ ਵਿੱਚ ਮੌਹਰੀ ਰੋਲ ਅਦਾ ਕਰਨ ਵਾਲੀਆਂ ਸਖਸ਼ੀਅਤਾਂ ਦਾ ਅੰਤਰਰਾਸ਼ਟਰੀ ਅਟਲ ਅਵਾਰਡ ਅਤੇ ਅਟਲ ਗੋਰਵ ਅਵਾਰਡ ਦੇ ਕੇ ਸਨਮਾਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਾਲ 2025 ਲਈ ਨਿਊ ਮਹਾਰਾਸ਼ਟਰ ਭਵਨ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਕੇ ਇਹ ਸਨਮਾਨ ਦਿੱਤੇ ਗਏ ਹਨ। ਇਸ ਸਨਮਾਨ ਸਮਾਰੋਹ ਸਮੇਂ ਦੇਸ਼ ਭਰ ਦੀਆਂ 21 ਵੱਖ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਜਿੱਥੇ ਡਾਕਟਰ ਵੀ ਸੇਲਵਾਰਾਜੂ ਚੇਨਈ ਨੂੰ ਯੂ ਪੀ ਐਸ ਸੀ ਦੇ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਦੇ ਕੇ ਵੱਖ ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਬਿਰਾਜਮਾਨ ਕਰਨ ਅਤੇ ਡਾਕਟਰ ਜੇ ਐਸ ਰਾਜਕੁਮਾਰ ਸਰਜਨ ਗੈਸਟ੍ਰੋਲੋਜਿਸਟ ਨੂੰ ਮਰੀਜ਼ਾਂ ਦਾ ਫਰੀ ਇਲਾਜ ਕਰਨ ਲਈ ਇੰਟਰਨੈਸ਼ਨਲ ਅਟਲ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਉਨ੍ਹਾਂ ਨਾਲ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਅਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੂੰ ਮੈਡੀਕਲ ਖੇਤਰ ਵਿੱਚ ਖੂਨਦਾਨ, ਨੇਤਰਦਾਨ ਅਤੇ ਸ਼ਰੀਰਦਾਨ, ਵਾਤਾਵਰਣ ਨੂੰ ਬਚਾਉਣ ਅਤੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਅਟਲ ਗੋਰਵ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗ਼ਮ ਸਮੇਂ ਸ਼੍ਰੀ ਭਗੀਰਥ ਚੌਧਰੀ ਰਾਜ਼ ਮੰਤਰੀ ਭਾਰਤ ਸਰਕਾਰ, ਸ਼੍ਰੀਮਤੀ ਗੀਤਾ ਸ਼ਾਕਯਾ ਮੈਂਬਰ ਪਾਰਲੀਮੈਂਟ ਰਾਜ ਸਭਾ ਨੇ ਮੁੱਖ ਮਹਿਮਾਨ ਵਜੋਂ ਅਤੇ ਸ਼੍ਰੀ ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਪਾਰਲੀਮੈਂਟ ਰਾਜ ਸਭਾ ਅਤੇ ਲੋਕ ਸਭਾ, ਸ਼੍ਰੀ ਅਸ਼ੋਕ ਅੱਗਰਵਾਲ ਚੇਅਰਮੈਨ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਇਹਨਾਂ ਸ਼ਖ਼ਸੀਅਤਾਂ ਦਾ ਯਾਦਗਾਰੀ ਚਿੰਨ੍ਹ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨ ਕੀਤਾ।
ਇਸ ਮੌਕੇ ਵਧਾਈ ਦਿੰਦਿਆਂ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਸੰਜੀਵ ਪਿੰਕਾ ਜ਼ਿਲ੍ਹਾ ਪ੍ਰਧਾਨ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਮਾਨਸਾ ਜ਼ਿਲ੍ਹੇ ਦੀਆਂ ਸਮਾਜਸੇਵੀ ਸੰਸਥਾਵਾਂ ਰਾਹੀਂ ਹਰੇਕ ਲੋੜਵੰਦ ਵਿਅਕਤੀ ਦੀ ਹਰ ਸੰਭਵ ਸਹਾਇਤਾ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਰਾਸ਼ਟਰੀ ਅਤੇ ਰਾਜ਼ ਪੱਧਰੀ ਸਮਾਗਮਾਂ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਸ ਮੌਕੇ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਦੇ ਚੇਅਰਮੈਨ ਅਸ਼ੋਕ ਅਗਰਵਾਲ , ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ,ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਪ੍ਰਾਪਟੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾਂ, ਸਤਿਗੁਰੂ ਸੇਵਾ ਟਰਸੱਟ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ, ਮਾਨਸਾ ਸਾਇਕਲ ਗਰੁੱਪ ਦੇ ਬਲਜੀਤ ਕੜਵੱਲ, ਬਿੰਦਰਪਾਲ ਗਰਗ, ਅਪੈਕਸ ਕਲੱਬ ਦੇ ਕਮਲ ਗਰਗ ਅਤੇ ਧੀਰਜ ਬਾਂਸਲ ਨੇ ਵਧਾਈ ਦਿੱਤੀ।