ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਧਾਨ ਸਭਾ ਵਿੱਚ ਜਾਰੀ ਮਾਨਸੂਲ ਇਜਲਾਸ ‘ਚ ਸ਼ਾਮਲ ਹੋਣ ਦੇ ਆਸਾਰ ਕਾਫੀ ਮੱਧਮ ਹਨ। ਸ਼ੁੱਕਰਵਾਰ ਨੂੰ ਇਜਲਾਸ ਦੀ ਅਰੰਭਤਾ ਮੌਕੇ ਵੀ ਉਹ ਪਹੁੰਚੇ ਨਹੀਂ ਸਨ। ਹੁਣ ਸੋਮਵਾਰ ਤੇ ਮੰਗਲਵਾਰ ਦੋ ਦਿਨ ਦਾ ਸੈਸ਼ਨ ਬਾਕੀ ਹੈ। ਮੰਤਰੀ ਅਹੁਦਾ ਖੁੱਸਣ ਮਗਰੋਂ ਸਿੱਧੂ ਨੇ ਖ਼ੁਦ ਨੂੰ ਅੰਮ੍ਰਿਤਸਰ ਤਕ ਹੀ ਸੀਮਤ ਕਰ ਲਿਆ ਜਾਪਦਾ ਹੈ। ਹਾਲਾਂਕਿ, ਉਨ੍ਹਾਂ ਆਪਣੇ ਹਲਕੇ ਵਿੱਚ ਵਿਚਰਨ ਦੇ ਕਈ ਪ੍ਰੋਗਰਾਮ ਬਣਾਏ ਸਨ ਪਰ ਸਿੱਧੂ ਆਪਣੀ ਕੋਠੀ ਤੋਂ ਬਾਹਰ ਆ ਲੋਕਾਂ ਵਿੱਚ ਨਹੀਂ ਵਿਚਰੇ।
ਸਿੱਧੂ ਦੇ ਕਰੀਬੀ ਦੋਸਤ ਤੇ ਵਿਧਾਇਕ ਪਰਗਟ ਸਿੰਘ ਪਿਛਲੇ ਦਿਨੀਂ ਉਨ੍ਹਾਂ ਨੂੰ ਮਿਲਣ ਆਏ ਸਨ। ਹਾਲਾਂਕਿ, ਉਨ੍ਹਾਂ ਦੱਸਿਆ ਕਿ ਸਿੱਧੂ ਨਾਲ ਸੈਸ਼ਨ ਬਾਰੇ ਕੋਈ ਗੱਲਬਾਤ ਨਹੀਂ ਹੋਈ, ਪਰ ਉਨ੍ਹਾਂ ਦੇ ਮੂਡ ਤੋਂ ਜਾਪਦਾ ਹੈ ਕਿ ਉਹ ਨਹੀਂ ਆਉਣਗੇ। ਪਰਗਟ ਸਿੰਘ ਤੋਂ ਇਲਾਵਾ ਡਾ. ਰਾਜ ਕੁਮਾਰ ਵੇਰਕਾ ਵੀ ਸਿੱਧੂ ਨੂੰ ਮਿਲ ਕੇ ਆਏ ਹਨ ਪਰ ਸਿੱਧੂ ਕਿਸੇ ਸਾਹਮਣੇ ਵੀ ਆਪਣਾ ਦਿਲ ਦੀ ਗੱਲ ਨਹੀਂ ਰੱਖ ਰਹੇ।
ਵਿਧਾਨ ਸਭਾ ਵਿੱਚ ਵੀ ਸਿੱਧੂ ਦੀ ਸੀਟ ਹੁਣ ਮੰਤਰੀਆਂ ਵਾਲੀ ਥਾਂ ਤੋਂ ਪੁੱਟ ਕੇ ਵਿਧਾਇਕਾਂ ਵਿਚਕਾਰ ਕਰ ਦਿੱਤੀ ਗਈ ਸੀ। ਕਿਹਾ ਜਾ ਰਿਹਾ ਸੀ ਕਿ ਜੇਕਰ ਸਿੱਧੂ ਵਿਧਾਨ ਸਭਾ ਆਉਂਦੇ ਹਨ ਤਾਂ ਵੱਖ-ਵੱਖ ਮੁੱਦਿਆਂ ‘ਤੇ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲ ਕੇ ਕੈਪਟਨ ਲਈ ਸਿਰਦਰਦੀ ਵਧਾ ਸਕਦੇ ਹਨ ਪਰ ਹੁਣ ਉਨ੍ਹਾਂ ਦੇ ਸੈਸ਼ਨ ਵਿੱਚ ਆਉਣ ਦੀ ਉਮੀਦ ਕਾਫੀ ਘੱਟ ਹੈ।