ਬੁਢਲਾਡਾ 20 ਨਵੰਬਰ(ਸਾਰਾ ਯਹਾਂ/ਅਮਨ ਮੇਹਤਾ) ਆਪਣੀਆ ਹੱਕੀ ਮੰਗਾਂ ਲਈ ਸੰਘਰਸ ਕਰ ਰਹੇ ਸਿਹਤ ਵਿਭਾਗ ਦੇ ਐਨ ਐਚ ਐਮ ਕਰਮਚਾਰੀ ਵੱਲੋਂ ਅੱਜ ਤੀਸਰੇ ਦਿਨ ਵੀ ਕੰਮ ਬੰਦ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਦਾ ਪੁੱਤਲਾ ਸਾੜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਆਗੂਆਂ ਨੈ ਕਿਹਾ ਕਿ ਲੰਬੇ ਸਮੇਂ ਤੋਂ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹਾਂ ਲੈ ਕੇ ਕੰਮ ਕਰ ਰਹੇ ਐਨ ਐਚ ਐਮ ਕਰਮਚਾਰੀਆ ਦੀਆਂ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦਾ ਮਾਨਸਿਕ ਅਤੇ ਆਰਥਿਕ ਸ਼ੋਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰੈਗੂਲਰਾਈਜੇਸ਼ਨ ਐਕਟ / ਬਿੱਲ ਰਾਹੀਂ ਸਿਹਤ ਵਿਭਾਗ ਅਧੀਨ ਐਨ.ਐਚ.ਐਮ. ਕਰਮਚਾਰੀ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੀ ਸਕੀਮ ਤਹਿਤ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਅਣਗੌਲਿਆਂ ਕੀਤਾ ਗਿਆ ਹੈ। ਜਿਸ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਕੰਟਰੈਕਚੁਲ ਬਿੱਲ 2021 ਤਹਿਤ ਰੈਗੂਲਰ ਕੀਤਾ ਜਾਵੇ ਨਹੀਂ ਸੰਘਰਸ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਕਰਮਚਾਰੀਆਂ ਦੁਆਰਾ ਜਿਲ੍ਹਾ ਪੱਧਰ ਅਤੇ ਬਲਾਕ ਪੱਧਰ ਤੇ ਸਿਹਤ ਸੇਵਾਵਾਂ ਠੱਪ ਕਰਕੇ ਆਪਣਾ ਰੋਸ ਪ੍ਰਗਟ ਕੀਤਾ। ਇਸ ਮੋਕੇ ਬਲਾਕ ਬੁਢਲਾਡਾ ਦੇ ਪ੍ਰਧਾਨ ਵੀਰਪਾਲ ਕੌਰ, ਅਮਨਦੀਪ ਸਿੰਘ, ਸਵਿੰਦਰ ਕੌਰ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ, ਡਾ. ਬਬਲੂ ਜੇਠੀ, ਰਾਜਵੀਰ ਕੌਰ, ਅਮਰਜੀਤ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।