ਬੁਢਲਾਡਾ 24 ਨਵੰਬਰ (ਸਾਰਾ ਯਹਾਂ/ ਅਮਨ ਮਹਿਤਾ) : ਸਥਾਨਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਮੌਕੇ ਬੱਚਿਆਂ ਤੋਂ ਇੱਕ ਧਾਰਮਿਕ ਪ੍ਰੀਖਿਆ ਲਈ ਗਈ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਸਥਾਨਕ ਬੱਸ ਸਟੈਂਡ ਨੇੜੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਹੋਈ ਇਸ ਪ੍ਰੀਖਿਆ ਲਈ 571 ਬੱਚਿਆਂ ਨੇ ਦਾਖ਼ਲਾ ਫਾਰਮ ਭਰੇ ਅਤੇ ਲਗਭਗ 550 ਬੱਚਿਆਂ ਨੇ ਇਹ ਪੇਪਰ ਦਿੱਤਾ। ਉਹਨਾਂ ਦੱਸਿਆ ਕਿ ਇਹ ਪ੍ਰੀਖਿਆ ਤਿੰਨ ਗਰੁੱਪਾਂ ਵਿੱਚ ਲਈ ਗਈ। ਪਹਿਲਾ 13 ਸਾਲ ਤੋਂ ਘੱਟ ਉਮਰ, ਦੂਜਾ 13 ਸਾਲ ਤੋਂ 18 ਸਾਲ ਤੱਕ ਅਤੇ ਤੀਜਾ ਗਰੁੱਪ 18 ਸਾਲ ਤੋਂ 25 ਸਾਲ ਤੱਕ ਉਮਰ ਦੇ ਬੱਚਿਆਂ ਦਾ ਸੀ। ਤਿੰਨਾਂ ਗਰੁੱਪਾਂ ਦੇ 45 ਬੱਚਿਆਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ 30 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ। ਬਲਬੀਰ ਸਿੰਘ ਕੈਂਥ ਅਤੇ ਰਜਿੰਦਰ ਵਰਮਾ ਨੇ ਦੱਸਿਆ ਕਿ ਬੱਚਿਆਂ ਦੇ ਪੇਪਰ ਚੈੱਕ ਹੋ ਰਹੇ ਹਨ। ਸ਼ਹੀਦੀ ਦਿਹਾੜੇ ਮੌਕੇ 25 ਨਵੰਬਰ ਨੂੰ ਨਤੀਜਾ ਐਲਾਨਿਆ ਜਾਵੇਗਾ ਅਤੇ ਵੱਡੇ ਸਮਾਗਮ ਮੌਕੇ ਲਗਭਗ 10 ਤੋਂ 11ਵਜੇ ਤੱਕ ਬੱਚਿਆਂ ਨੂੰ ਇਨਾਮ ਵੰਡੇ ਜਾਣਗੇ। ਸਰਟੀਫਿਕੇਟ ਸਾਰੇ ਬੱਚਿਆਂ ਨੂੰ ਦਿੱਤੇ ਜਾਣਗੇ।ਪੇਪਰ ਦੇਣ ਲਈ ਬੱਚਿਆਂ ਵਿੱਚ ਬਹੁਤ ਉਤਸ਼ਾਹ ਦੇਖਿਆ ਗਿਆ। ਪੇਪਰ ਦੌਰਾਨ ਅਧਿਆਪਕਾਂ ਅਤੇ ਸੰਸਥਾ ਮੈਂਬਰਾਂ ਨੇ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਉਹਨਾਂ ਦੱਸਿਆ ਕਿ ਇਸ ਪੇਪਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋ ਵਿਸ਼ਿਆਂ ਸਬੰਧੀ ਪ੍ਰਸ਼ਨ ਪਾਏ ਗਏ। ਬੱਚਿਆਂ ਨੂੰ ਗੁਰ ਇਤਿਹਾਸ ਨਾਲ ਜੋੜਨ ਦਾ ਸੰਸਥਾ ਦਾ ਇਹ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਅਨੇਕਾਂ ਸੰਸਥਾ ਮੈਂਬਰ, ਅਧਿਆਪਕ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।