ਮਾਨਸਾ 26 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ IAS ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸ਼ਹਿਰੀ ਖੇਤਰ ਵਿੱਚ ਫੀਵਰ ਸਰਵੇ ਕਰਨ ਅਤੇ ਡੇਂਗੂ ਮੱਛਰ ਦੇ ਲਾਰਵੇ ਨੂੰ ਚੈੱਕ ਕਰਨ ਲਈ ਪੰਜ ਟੀਮਾਂ ਬਣਾਈਆਂ ਗਈਆਂ ਹਨ, ਜਿਸ ਵਿੱਚ ਬਰੀਡਿੰਗ ਚੈੱਕਰ, ਇੰਸੈਕਟ ਕਲੈਕਟਰ ਅਤੇ ਮਲਟੀਪਰਪਜ ਹੈਲਥ ਵਰਕਰ ਤੇ ਸਿਹਤ ਸੁਪਰਵਾਈਜ਼ਰ ਸ਼ਾਮਲ ਹਨ l ਇਹ ਟੀਮਾਂ ਘਰ ਘਰ ਜਾ ਕੇ ਸ਼ੱਕੀ ਡੇਂਗੂ ਮਲੇਰੀਆ ਅਤੇ ਚਿਕਨਗੁਨੀਆ ਦੇ ਮਰੀਜ਼ਾਂ ਦੀ ਸ਼ਨਾਖ਼ਤ ਕਰਦੀਆਂ ਹਨ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਣੂ ਕਰਵਾਇਆ ਜਾਦਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ,ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿੱਚ ਖੂਨ ਦਾ ਵਗਣਾ ਹੁੰਦੇ ਹਨ ਅਤੇ ਚਿਕਨਗੁਨੀਆ ਦੇ ਲੱਛਣਾਂ ਵਿੱਚ ਤੇਜ ਬੁਖਾਰ, ਸਿਰ ਦਰਦ, ਜੋੜਾਂ ਵਿੱਚ ਦਰਦ ਅਤੇ ਸੋਜ, ਚਮੜੀ ਤੇ ਦਾਣੇ ਅਤੇ ਖਾਰਸ਼ ਹੁੰਦੇ ਹਨ l
ਉਨ੍ਹਾਂ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਤੋਂ ਬਚਾਅ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂਲਰਾਂ, ਫਰਿਜ ਦੀਆਂ ਟਰੇਆਂ ਅਤੇ ਗਮਲਿਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰੀ ਜਰੂਰ ਬਦਲਣਾ ਅਤੇ ਸਾਰਾ ਦਿਨ ਧੁੱਪ ਵਿੱਚ ਸੁਕਾਉਣਾ ਚਾਹੀਦਾ ਹੈ, ਆਪਣੇ ਆਲੇ ਦੁਆਲੇ ਕਿਤੇ ਵੀ ਸਾਫ ਜਾਂ ਗੰਦਾ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ ,ਕੱਪੜੇ ਅਜਿਹੇ ਪਾਉਣੇ ਚਾਹੀਦੇ ਹਨ ਜਿਸ ਨਾਲ ਸਾਰਾ ਸਰੀਰ ਢਕਿਆ ਰਹੇ ਤਾਂ ਕਿ ਮੱਛਰ ਨਾ ਕੱਟ ਸਕੇ, ਸੌਣ ਵੇਲੇ ਮੱਛਰਦਾਨੀ, ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਬੁਖਾਰ ਹੋਣ ‘ਤੇ ਐਸਪਰਿਨ ਅਤੇ ਬਰੂਫਿਨ ਦੀ ਗੋਲੀ ਆਦਿ ਨਹੀਂ ਲੈਣੀ ਚਾਹੀਦੀ ਬਲਕਿ ਸਿਰਫ ਪੈਰਾਸਿਟਾਮੋਲ ਹੀ ਲਈ ਜਾ ਸਕਦੀ ਹੈ। ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ, ਬਰਤਨਾਂ, ਡਰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖਿਆ ਜਾਵੇ,ਪਾਣੀ ਜਾਂ ਤਰਲ ਪਦਾਰਥ ਜਿਆਦਾ ਮਾਤਰਾ ਵਿੱਚ ਪੀਣੇ ਚਾਹੀਦੇ ਹਨ ਅਤੇ ਵਧੇਰੇ ਆਰਾਮ ਕਰਨਾ ਚਾਹੀਦਾ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਸੰਤੋਸ਼ ਭਾਰਤੀ ਨੇ ਦੱਸਿਆ ਕਿ ਜਿਹੜੇ ਘਰ ਵਿੱਚ ਵੀ ਮਲੇਰੀਆ ਡੇਂਗੂ ਜਾਂ ਚਿਕਨਗੁਨੀਆ ਦਾ ਕੇਸ ਪਾਜਿਟੀਵ ਹੁੰਦਾ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਸ ਘਰ ਦੇ ਆਲੇ ਦੁਆਲੇ 50 ਤੋਂ 60 ਘਰਾਂ ਦੇ ਅੰਦਰ ਇੰਸੈਕਟੀਸਾਈਡ ਸਪਰੇਅ ਕਰਵਾਈ ਜਾਂਦੀ ਹੈ ਅਤੇ ਉਸ ਘਰ ਦੇ ਆਲੇ ਦੁਆਲੇ 50 ਤੋਂ 60 ਘਰਾਂ ਦੇ ਘੇਰੇ ਵਿੱਚ ਫੋਗਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਘਰਾਂ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਅੱਗੇ ਪੈਰ ਨਾ ਪਸਾਰ ਸਕੇ l
ਜਿੱਥੇ ਵੀ ਮੱਛਰ ਦਾ ਲਾਰਵਾ ਮਿਲਦਾ ਹੈ ਉਸ ਖੜੇ ਪਾਣੀ ਉੱਪਰ ਲਾਰਵੀਸਾਈਡ ਸਪਰੇ ਕੀਤੀ ਜਾਂਦੀ ਹੈ l ਉਨ੍ਹਾਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਮਾਨਸਾ ਵਿੱਚ ਹੁਣ ਤੱਕ ਪੰਜ ਡੇਂਗੂ ਦੇ ਪਾਜਿਟਿਵ ਕੇਸ, ਚਿਕਨਗੁਨੀਆਂ ਦੇ ਅੱਠ ਅਤੇ ਮਲੇਰੀਆ ਦਾ ਕੋਈ ਵੀ ਕੇਸ ਪਾਜਿਟਿਵ ਨਹੀਂ ਹੈ। ਉਹਨਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਸਿਵਲ ਹਸਪਤਾਲ ਮਾਨਸਾ ਅਤੇ ਸਬ ਡਿਵੀਜ਼ਨਲ ਹਸਪਤਾਲ ਬੁਢਲਾਡਾ ਵਿਖੇ ਮੁਫ਼ਤ ਕੀਤਾ ਜਾਂਦਾ ਹੈ l
ਆਈ.ਐਮ.ਏ.ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਸੈਕਟਰੀ ਡਾ.ਸ਼ੇਰ ਜੰਗ ਸਿੰਘ ਸਿੱਧੂ ਨੇ ਜ਼ਿਲ੍ਹੇ ਦੇ ਸਮੂਹ ਪ੍ਰਾਈਵੇਟ ਹਸਪਤਾਲਾਂ ਦੇ ਡਾਕਟਰਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਦਾ ਸ਼ੱਕੀ ਮਰੀਜ਼ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦਾ ਟੈਸਟ ਕਰਵਾਉਣ ਲਈ ਜ਼ਿਲਾ ਹਸਪਤਾਲ ਮਾਨਸਾ ਵਿਖੇ ਸੈਂਪਲ ਭੇਜਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਦੇ ਹਰ ਪਾਜ਼ੀਟਿਵ ਕੇਸਾਂ ‘ਤੇ ਸਿਹਤ ਵਿਭਾਗ ਦੀ ਹਰ ਵੇਲੇ ਨਿਗਰਾਨੀ ਰਹੇ ਅਤੇ ਗਿਣਤੀ ਸਪੱਸ਼ਟ ਹੋ ਸਕੇ।
ਡੇਗੂ, ਚਿਕਨਗੁਨੀਆ ਤੇ ਮਲੇਰੀਏ ਦਾ ਇਲਾਜ ਅਤੇ ਟੈਸਟ ਸਿਹਤ ਵਿਭਾਗ ਵੱਲੋਂ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਸ਼ਹਿਰੀ ਇਲਾਕੇ ਵਿੱਚ ਮਿਊਂਸਿਪਲ ਕਮੇਟੀ ਅਤੇ ਪੇਂਡੂ ਇਲਾਕੇ ਵਿੱਚ ਪੰਚਾਇਤੀ ਰਾਜ ਵੱਲੋਂ ਫੋਗਿੰਗ ਕਰਵਾਈ ਜਾਂਦੀ ਹੈ।