ਮਾਨਸਾ 12 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੋਕਾਂ ਨੂੰ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਪ੍ਰਦਰਸ਼ਨ ਕਰਨ ਦਾ ਪੂਰਾ ਹੱਕ ਹੈ। ਜਦੋਂ ਸਰਕਾਰਾਂ ਜਾਂ ਸਬੰਧਿਤ ਵਿਭਾਗ ਸਾਡੀਆਂ ਦਿੱਕਤਾਂ, ਮੁਸ਼ਕਿਲਾਂ ਨੂੰ ਅਣਦੇਖਿਆ ਕਰਦੀਆਂ ਹਨ ਅਤੇ ਸਾਨੂੰ ਪ੍ਰੇਸ਼ਾਨ ਕਰਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਦੀਆਂ ਤਾਂ ਸਾਨੂੰ ਪ੍ਰਦਰਸ਼ਨ ਅਤੇ ਰੋਸ ਵਿਖਾਵੇ ਕਰਨ ਦਾ ਪੂਰਾ ਅਧਿਕਾਰ ਹੈ ਕਿਉਂਕਿ ਜ਼ਿੰਦਗੀ ਅਤੇ ਸੋਹਣਾ ਜੀਵਨ ਬਿਤਾਉਣ ਲਈ ਸਾਨੂੰ ਬੁਨਿਆਦੀ ਲੋੜਾਂ ਹੁੰਦੀਆਂ ਹਨ। ਜਿਨ੍ਹਾਂ ਵਿੱਚ ਸਹੂਲਤਾਵਾਂ ਵੀ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਪ੍ਰਤੀ ਅਣਦੇਖੀ ਰੋਸ ਵਿਖਾਵਿਆਂ ਦਾ ਕਾਰਨ ਬਣਦੀ ਹੈ। ਇਹ ਗੱਲ ਸਮਾਜ ਸੇਵੀ ਸੰਦੀਪ ਕੁਮਾਰ ਬਾਟਲਾ (ਲੱਕੀ) ਨੇ ਇੱਕ ਸਾਂਝਾ ਸੁਝਾਅ ਦਿੰਦਿਆਂ ਕਿਹਾ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਸਾਡੇ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਇੱਕ ਦਾਇਰੇ ਵਿੱਚ ਹੋਣੇ ਚਾਹੀਦੇ ਹਨ। ਦਾਇਰੇ ਤੋਂ ਬਾਹਰ ਅਜਿਹੇ ਵਿਖਾਵੇ ਸਾਡੇ ਲਈ ਮੁਸ਼ਕਿਲਾਂ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੋਈ ਗੱਲ ਸਰਕਾਰ ਤੱਕ ਪਹੁੰਚਾਉਣੀ ਹੈ ਤਾਂ ਕਿਸੇ ਵੀ ਤਰ੍ਹਾਂ ਕਾਨੂੰਨ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ ਅਤੇ ਇਸ ਵਿੱਚ ਨਿਯਮ ਜ਼ਰੂਰੀ ਹੋਣੇ ਚਾਹੀਦੇ ਹਨ। ਬਾਟਲਾ ਨੇ ਕਿਹਾ ਕਿ ਇਹ ਮਾਨਸਾ ਸ਼ਹਿਰ ਦਾ ਨਿਵਾਸੀ ਹੋਣ ਕਰਕੇ ਮੇਰੀ ਸਮੂਹ ਆਪਣੇ ਲੋਕਾਂ ਨੂੰ ਬੇਨਤੀ ਹੈ ਕਿ ਸਰਕਾਰਾਂ ਤੱਕ ਆਪਣੀਆਂ ਮੰਗਾਂ, ਸਮੱਸਿਆਵਾਂ ਦੇ ਹੱਲ ਦੀ ਆਵਾਜ਼ ਸ਼ਾਂਤਮਈ ਢੰਗ ਨਾਲ ਪਹੁੰਚਾਓ, ਜਿਸ ਵਿੱਚ ਕੋਈ ਵੀ ਹੁੱਲੜਬਾਜੀ, ਹਿੰਸਾ ਨਹੀਂ ਹੋਣੀ ਚਾਹੀਦੀ। ਬਾਟਲਾ ਨੇ ਸਭ ਨੂੰ ਇਹ ਅਪੀਲ ਕਰਦਿਆਂ ਆਸ ਪ੍ਰਗਟਾਈ ਹੈ ਕਿ ਸ਼ਹਿਰ ਦੇ ਲੋਕ ਏਕਤਾ ਨਾਲ ਸਮਝਦਾਰੀ ਨਾਲ ਸ਼ਾਂਤੀ ਬਣਾ ਕੇ ਰੱਖਣਗੇ।