ਸਰਦੂਲਗੜ੍ਹ/ਮਾਨਸਾ,11 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ): ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨਸਾ ਦੀ ਦੂਰ-ਅੰਦੇਸ਼ੀ ਸੋਚ ਸਦਕਾ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਹਾਸਿਲ ਕਰ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਅੱਜ ’ਸਿੱਖਿਆ ਕ੍ਰਾਂਤੀ’ ਤਹਿਤ ਝੁਨੀਰ ਅਤੇ ਮਾਖੇਵਾਲਾ ਵਿਖੇ ਸਰਕਾਰੀ ਸਕੂਲਾਂ ਵਿਚ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਨੂੰ ਨਵੀਆਂ ਸਿਖਰਾਂ ’ਤੇ ਪਹੁੰਚਾਇਆ ਹੈ।
ਵਿਧਾਇਕ ਸਰਦੂਲਗੜ੍ਹ ਸ਼੍ਰੀ ਬਣਾਂਵਾਲੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਝੁਨੀਰ ਵਿਖੇ 3 ਲੱਖ 8 ਹਜ਼ਾਰ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਖੇਵਾਲਾ ਵਿਖੇ ਕਰੀਬ 7 ਲੱਖ ਦੀ ਲਾਗਤ ਨਾਲ ਸਕੂਲ ਦੀ ਇਮਾਰਤ ਨੂੰ ਅਪਲਿਫ਼ਟ ਕਰਨ ਦਾ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਇਮਾਰਤ ਨੀਵੀਂ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਸਕੂਲ ਵਿੱਚ ਪਾਣੀ ਭਰ ਜਾਂਦਾ ਸੀ ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵੀ ਵਿਘਨ ਪੈਂਦਾ ਸੀ। ਇਮਾਰਤ ਦੇ ਉਚਾ ਹੋਣ ਨਾਲ ਹੁਣ ਵਿਦਿਆਰਥੀਆਂ ਨੂੰ ਕੋਈ ਸਮੱਸਿਆ ਦਰਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਜਲਦ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਵਿਖੇ 38 ਲੱਖ ਤੋਂ ਵਧੇਰੇ ਦੀ ਲਾਗਤ ਨਾਲ 4 ਅਡੀਸ਼ਨਲ ਕਮਰੇ ਵੀ ਬਣਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਅਤਿ-ਆਧੁਨਿਕ ਕਲਾਸ ਰੂਮ ਬਣਾਏ ਗਏ ਹਨ ਜਿਸ ਨਾਲ ਸਕੂਲਾਂ ਦੀ ਦਿੱਖ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਬਹੁਤ ਵੱਡਾ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਦੀ ਬਿਹਤਰੀ ਲਈ 17 ਹਜ਼ਾਰ 975 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਸਹੂਲਤਾਂ ਮਿਲਣ ਨਾਲ ਇਨ੍ਹਾਂ ਦੀ ਪ੍ਰਤਿਭਾ ਵਿੱਚ ਹੋਰ ਵੀ ਨਿਖਾਰ ਆਏਗਾ।
ਇਸ ਮੌਕੇ ਸਰਪੰਚ ਝੁਨੀਰ ਸ਼੍ਰੀ ਜਗਪਾਲ ਸਿੰਘ ਖਹਿਰਾ, ਸਰਪੰਚ ਮਾਖੇਵਾਲਾ ਤੇਜ ਕੌਰ, ਜਗਰੂਪ ਸਿੰਘ, ਪ੍ਰਿੰਸੀਪਲ ਕੰਵਲਜੀਤ ਕੌਰ, ਹਰਿੰਦਰ ਸਿੰਘ ਭੁੱਲਰ, ਦਿਲਪ੍ਰੀਤ ਸਿੰਘ, ਸਕੂਲ ਮੁਖੀ ਰੋਮੀ ਸਿੰਘ, ਬਲਜਿੰਦਰ ਜੌੜਕੀਆਂ, ਬਲਜੀਤ ਕੌਰ, ਮਿੱਠੂ ਸਿੰਘ, ਸੁਖਪ੍ਰੀਤ ਕੌਰ, ਪਰਸ਼ੋਤਮ ਕੁਮਾਰ, ਕਾਲਾ ਸਿੰਘ, ਸੁਰਜੀਤ ਸਿੰਘ, ਗਿਆਨ ਸਿੰਘ, ਕਿਰਨਜੀਤ ਕੌਰ, ਵੀਰਪਾਲ ਕੌਰ, ਹਰਪ੍ਰੀਤ ਸਿੰਘ ਭੁੱਲਰ ਅਤੇ ਅਕਬਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼, ਵਿਦਿਆਰਥੀ, ਮਾਪੇ ਅਤੇ ਪਿੰਡਾਂ ਦੇ ਵਸਨੀਕ ਮੌਜੂਦ ਸਨ।