ਭੀਖੀ, 21 ਅਪ੍ਰੈਲ (ਹੀਰਾ ਸਿੰਘ ਮਿੱਤਲ )- ਭੀਖੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਪੁਲਸ ਪਾਰਟੀ ਨੇ ਇਲਾਕੇ ਵਾਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ.ਮਾਨਸਾ ਕਰਨਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਭੀਖੀ ਪੁਲਸ ਦੇ ਏਐੱਸਆਈ ਗਮਦੂਰ ਸਿੰਘ ਨੇ ਪੁਲਸ ਪਾਰਟੀ ਸਮੇਤ ਸੁਨਾਮ ਰੋਡ ‘ਤੇ ਡਰੇਨ ਦੇ ਪੁਲ ਉੱਪਰ ਨਾਕਾ ਲਗਾ ਕੇ ਆ ਰਹੀ ਚਿੱਟੇ ਰੰਗ ਦੀ ਇੱਕ ਪੋਲੋ ਕਾਰ ਨੂੰ ਰੋਕਿਆ ਤਾਂ ਕਾਰ ਵਿੱਚ ਸਵਾਰ ਸੁਖਚੈਨ ਸਿੰਘ ਉਰਫ ਕਾਲਾ, ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਧਲੇਵਾਂ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਬੀਰੋਕੇ ਖੁਰਦ ਅਤੇ ਹਰਪ੍ਰੀਤ ਸਿੰਘ ਉਰਫ ਨਾਗੀ ਵਾਸੀ ਦਾਤੇਵਾਸ, ਦੀ ਤਲਾਸ਼ੀ ਲੈਣ ‘ਤੇ ਇੱਕ ਪਿਸਤੌਲ 315 ਬੋਰ ਸਮੇਤ 2 ਜਿੰਦਾ ਰੌਂਦ, ਇੱਕ ਪਿਸਤੌਲ 32 ਬੋਰ ਸਮੇਤ 2 ਜਿੰਦਾ ਰੌਂਦ ਅਤੇ ਇੱਕ ਲੋਹੇ ਦੀ ਕਿਰਚ ਬਰਾਮਦ ਹੋਏ। ਪੁਲਸ ਨੇ ਉਕਤ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਬਾਦ ਵਿੱਚ ਤਫਤੀਸ਼ ਕਰਨ ‘ਤੇ ਉਕਤ ਵਿਅਕਤੀਆਂ ਪਾਸੋਂ ਇੱਕ ਪੋਲੋ ਕਾਰ, ਇੱਕ ਵਰਨਾ ਕਾਰ, ਇੱਕ ਸਵਿਫਟ ਡਿਜ਼ਾਇਰ ਕਾਰ, ਇੱਕ ਮੋਟਰਸਾਇਕਲ ਅਤੇ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ।
EDITED BY : SARA YAHA PUNJABI NEWS