ਰੇਪ ਕੇਸ ‘ਚ ਗਵਾਹੀ ਦੇਣੀ ਪਈ ਮਹਿੰਗੀ, ਹਥਿਆਰਬੰਦਾਂ ਵੱਲੋਂ ਜਾਨਲੇਵਾ ਹਮਲਾ

0
77

ਹੁਸ਼ਿਆਰਪੁਰ: ਸ਼ਹਿਰ ਦੇ ਇੱਕ ਰੇਪ ਕੇਸ ਵਿੱਚ ਇੱਕ ਗਵਾਹ ਨੂੰ ਗਵਾਹੀ ਦੇਣੀ ਮਹਿੰਗੀ ਪੈ ਗਈ। ਕੁਝ ਹਥਿਆਰਬੰਦ ਲੋਕਾਂ ਨੇ ਗਵਾਹ ‘ਤੇ ਹਮਲਾ ਕਰ ਦਿੱਤਾ। ਇਸ ਪਿੱਛੋਂ ਜ਼ਖ਼ਮੀ ਗਵਾਹ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਪੀੜਤ ਪੱਖ ਨੇ ਕਿਹਾ ਕਿ ਉਨ੍ਹਾਂ ਪੁਲਿਸ ਨੂੰ ਸਮਾਂ ਰਹਿੰਦੇ ਇਸ ਦੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਇਸੇ ਕਰਕੇ ਗਵਾਹ ਦਾ ਇਹ ਹਾਲ ਹੋਇਆ ਹੈ ਜਦਕਿ ਪੁਲਿਸ ਹੁਣ ਕਾਰਵਾਈ ਦੀ ਗੱਲ ਕਰ ਰਹੀ ਹੈ।

ਗਵਾਹ ਦੀ ਪਤਨੀ ਨੇ ਆਪਣੇ ਪਤੀ ‘ਤੇ ਜਾਨਲੇਵਾ ਹਮਲਾ ਹੋਣ ਬਾਅਦ ਹਸਪਤਾਲ ਵਿੱਚ ਕਿਹਾ ਕਿ ਉਸ ਦੇ ਪਤੀ ‘ਤੇ ਹਮਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਉਸ ਨੇ ਨਾਬਾਲਿਗ ਲੜਕੀ ਨਾਲ ਬਲਾਤਕਾਰ ਕਰਨ ਵਾਲਿਆਂ ਖ਼ਿਲਾਫ਼ ਅਦਾਲਤ ਵਿੱਚ ਗਵਾਹੀ ਦੇ ਕੇ ਲੜਕੀ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਕਿ ਜੇ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਉਹ ਆਪਣੀ ਛੋਟੀ ਬੱਚੀ ਸਮੇਤ ਦੁਖ਼ੀ ਹੋ ਕੇ ਖ਼ੁਦਕੁਸ਼ੀ ਕਰ ਲਏਗੀ।

ਗਵਾਹ ਦੀ ਪਤਨੀ ਨੇ ਦੱਸਿਆ ਕਿ ਗਵਾਹੀ ਦੇਣ ਲਈ ਉਸ ਦੇ ਪਰਿਵਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਉਨ੍ਹਾਂ ਹੁਸ਼ਿਆਰਪੁਰ ਦੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਵੀ ਕੀਤੀ ਸੀ ਪਰ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਹਾਲਾਂਕਿ ਹੁਣ ਪੁਲਿਸ ਨੇ ਪਿੰਡ ਦੇ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਸ ਨੇ ਕਿਹਾ ਕਿ ਜੇ ਸਮਾਂ ਰਹਿੰਦਿਆਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੁੰਦੀ ਤਾਂ ਉਨ੍ਹਾਂ ਦੇ ਹੌਸਲੇ ਇਨੇ ਬੁਲੰਦ ਨਾ ਹੁੰਦੇ ਕਿ ਅੱਜ ਉਸ ਦੇ ਪਤੀ ਉੱਤੇ ਜਾਨਲੇਵਾ ਹਮਲਾ ਕਰ ਦਿੰਦੇ। ਗਵਾਹ ਦੀ ਪਤਨੀ ਨੇ ਕਿਹਾ ਕਿ ਜੇ ਇਹੀ ਹਾਲ ਰਿਹਾ ਤਾਂ ਇੰਨਸਾਫ ਦਿਵਾਉਣ ਲਈ ਕੋਈ ਅੱਗੇ ਨਹੀਂ ਆਏਗਾ।

NO COMMENTS