*ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਦਿੱਲੀ ਕਿਸਾਨ ਮੋਰਚੇ ਦੀ ਪੰਜਵੀਂ ਵਰ੍ਹੇਗੰਢ ਨੂੰ ਸਮਰਪਿਤ ਚੰਡੀਗੜ੍ਹ ਧਰਨੇ ਦੀ ਡਟਵੀਂ ਹਮਾਇਤ : ਧੰਨਾ ਮੱਲ ਗੋਇਲ*

0
63

ਮਾਨਸਾ 21 ਨਵੰਬਰ (ਸਾਰਾ ਯਹਾਂ): ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ , ਸੂਬਾ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਮਾਛੀਕੇ , ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ, ਕੈਸ਼ੀਅਰ ਡਾ. ਰਾਕੇਸ਼ ਕੁਮਾਰ ਮਹਿਤਾ, ਚੇਅਰਮੈਨ ਡਾ.ਐਚ ਐਸ ਰਾਣੂੂ, ਸੀਨੀਅਰ ਵਾਇਸ ਪ੍ਰਧਾਨ ਡਾ.ਅਵਤਾਰ ਸਿੰਘ , ਡਾ. ਸੀ ਆਰ ਸ਼ੰਕਰ ਅਤੇ ਡਾ.ਜਸਵਿੰਦਰ ਸਿੰਘ ਖੀਵਾ, ਲੀਗਲ ਐਡਵਾਈਜ਼ਰ ਡਾ. ਜਸਵਿੰਦਰ ਸਿੰਘ ਭੋਗਲ ਨੇ ਵਰਚੂਅਲ ਕੋਰ ਕਮੇਟੀ ਮੀਟਿੰਗ ਦੌਰਾਨ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਕਿਸਾਨ ਮੋਰਚੇ ਦੀ ਪੰਜਵੀਂ ਵਰ੍ਹੇਗੰਢ ਮੌਕੇ 26 ਨਵੰਬਰ ਨੂੰ ਦੁਸਹਿਰਾ ਗਰਾਊਂਡ ਚੰਡੀਗੜ੍ਹ ਵਿਖੇ ਲਾਏ ਜਾਣ ਵਾਲੇ ਸਾਂਝੇ ਧਰਨੇ ਦੀ ਡਟਵੀਂ ਹਮਾਇਤ ਕਰਦੀ ਹੈ ਅਤੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੀ ਹੈ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਮੁਢਲੀਆਂ ਸਿਹਤ ਸੇਵਾਵਾਂ ਦਾ ਲੰਗਰ ਵੀ ਲਗਾਇਆ ਜਾਵੇਗਾ । ਖੇਤੀ ਕਾਨੂੰਨਾਂ ਖਿਲਾਫ਼ ਲਗਾਤਾਰ 13 ਮਹੀਨੇ ਦ੍ਰਿੜ ਖਾੜਕੂ ਅਤੇ ਜਾਬਤਾਵਧ ਲੰਮੇ ਸੰਘਰਸ਼ ਦੀ ਇਤਿਹਾਸਕ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਹਕੂਮਤ ਭਾਵੇਂ ਕਿੰਨੀ ਵੀ ਨਿਰਦਈ ਤੇ ਜ਼ਾਲਮ ਕਿਉਂ ਨਾ ਹੋਵੇ ਪਰ ਜਿੱਤ ਹਮੇਸ਼ਾ ਜੂਝਦੇ ਲੋਕਾਂ ਦੀ ਹੁੰਦੀ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ ਸਿਰਪੱਟ ਦੌੜਦੇ ਘੋੜੇ ਦੀਆਂ ਵਾਗਾਂ ਨੂੰ ਲੋਕ ਸੰਘਰਸ਼ਾਂ ਦੇ ਜੋਰ ਪਿਛਲ ਮੋੜਾ ਦਿੱਤਾ ਹੈ। ਭਾਵੇਂ ਕੇਂਦਰ ਸਰਕਾਰ ਵੱਖ ਵੱਖ ਨਵੇਂ ਕਾਨੂੰਨਾਂ ਰਾਹੀਂ ਦੇਸ ਦੇ ਕੁਦਰਤੀ ਖਜ਼ਾਨੇ ਜਲ, ਜੰਗਲ ,ਜ਼ਮੀਨ ਅਤੇ ਪਬਲਿਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਹਰ ਤਰ੍ਹਾਂ ਦੇ ਕੋਝੇ ਯਤਨ ਕਰ ਰਹੀ ਹੈ ਅਤੇ ਲੋਕ ਘੋਲਾਂ ਨੂੰ ਸਮਰਪਿਤ ਆਗੂਆਂ, ਬੁਧੀਜੀਵੀਆਂ, ਚਿੰਤਕਾਂ , ਲੇਖਕਾਂ ਦੀ ਅਵਾਜ਼ ਨੂੰ ਤਾਲਾਬੰਦੀ ਅਤੇ ਕਲਮਾਂ ਨੂੰ ਖੁੰਢਾ ਕਰਨ ਦੇ ਯਤਨ ਲਗਾਤਾਰ ਜਾਰੀ ਹਨ । ਦੇਸ ਧਰੋਹੀ ਦੇ ਝੂਠੇ ਕੇਸਾਂ ਰਾਹੀਂ ਬਿਨਾਂ ਮੁਕੱਦਮਾ ਚਲਾਇਆ ਅਤੇ ਸਜ਼ਾਵਾਂ ਪੂਰੀਆਂ ਕਰਨ ਵਾਲਿਆਂ ਨੂੰ ਬੇਵਜਹਾ ਜੇਲੀਂ ਡੱਕਿਆ ਹੋਇਆ ਹੈ । ਸਿਹਤ , ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾ ਰਿਹਾ ਹੈ। ਜਿਸ ਦੀ ਤਾਜਾਂ ਮਿਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ , ਸਿੰਡੀਕੇਟ ਭੰਗ ਕਰਕੇ ਕਬਜ਼ਾ ਕਰਨ ਦੇ ਮਨਸੂਬਿਆਂ ਨੂੰ ਵਿਦਿਆਰਥੀ ਜਥੇਬੰਦੀਆਂ ਅਤੇ ਭਰਾਤਰੀ ਸਾਂਝ ਅਤੇ ਲੋਕ ਰੋਹ ਰਾਹੀਂ ਨਾਕਾਮ ਕੀਤਾ ਹੈ ਅਤੇ ਨਿੱਜੀਕਰਨ ਦੀਆਂ ਨੀਤੀਆਂ ਤੇ ਚਲਦਿਆਂ ਬਿਜਲੀ ਬਿੱਲ 2025 ਲਾਗੂ ਕਰਨ ਦੀਆਂ ਪੂਰੇ ਜ਼ੋਰ ਨਾਲ ਤਿਆਰੀਆਂ ਵਿੱਢੀਆ ਹੋਈਆਂ ਹਨ । ਸੋ ਸਾਨੂੰ ਵਿਸ਼ਵ ਪੱਧਰੀ ਕਿਸਾਨ ਅੰਦੋਲਨ ਦੀ ਜਿੱਤ ਤੋਂ ਪ੍ਰੇਰਨਾ ਲੈਦੇ ਹੋਏ ਦੇਸ ਪੱਧਰੀ ਵਿਸ਼ਾਲ ਜਨਤਕ ਅਤੇ ਸਾਂਝੇ ਸੰਘਰਸ਼ਾਂ ਦੀ ਤਿਆਰੀ ਨੂੰ ਹੋਰ ਪ੍ਰਚੰਡ ਕਰਦਿਆਂ ਲੋਕ ਪੱਖੀ ਸਮਾਜ ਦੀ ਸਥਾਪਨਾ ਵੱਲ ਵਧਣਾ ਚਾਹੀਦਾ ਹੈ।

NO COMMENTS