ਮਾਨਸਾ, 23 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) ): ਜ਼ਿਲ੍ਹਾ ਮਾਨਸਾ ਵਿਚ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸਾਂਭ ਸੰਭਾਲ ਅਤੇ ਬੱਚਤ ਦਾ ਸੁਨੇਹਾ ਸਮਾਜ ਵਿਚ ਫੈਲਾਉਣ ਲਈ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਖੇਤੀਬਾੜੀ ਵਿਭਾਗ ਦੁਆਰਾ ਕਿਸਾਨਾਂ ਨੂੰ ਪੁਰਾਣੇ ਬੋਰਵੈਲਾਂ ਨੂੰ ਮੁੜ ਵਰਤੋਂ ਵਿਚ ਲਿਆਉਣ ਲਈ ਅਤੇ ਮੀਂਹ ਦੇ ਪਾਣੀ ਨੂੰ ਸਿੰਚਾਈ ਲਈ ਵਰਤੋ ਵਿਚ ਲਿਆਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੇਲ ਸਿੰਘ ਨੇ ਕਿਹਾ ਕਿ ਮੀਂਹ ਦੇ ਪਾਣੀ ਦੀ ਸੰਭਾਲ ਲਈ ਕਿਸਾਨਾਂ ਨੂੰ ਪੁਰਾਣੇ ਬੋਰਵੈਲਾਂ ਦੀ ਵਰਤੋ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਿੰਡ ਕਰੰਡੀ, ਭਾਈ ਦੇਸਾ, ਮੋਫ਼ਰ, ਭਲਾਈ ਕੇ, ਝੁਨੀਰ, ਸਾਹਨੇਵਾਲਾ ਅਤੇ ਮੀਰਪੁਰ ਖ਼ੁਰਦ ਵਿਖੇ ਕੈਂਪ ਲਗਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਿੰਚਾਈ ਦੀਆਂ ਵੱਖ-ਵੱਖ ਤਕਨੀਕਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਸ ਨਾਲ ਵੱਧ ਤੋਂ ਵੱਧ ਪਾਣੀ ਬਚਾਇਆ ਜਾ ਸਕੇ। ਸਿੰਚਾਈ ਦੀਆਂ ਇਨ੍ਹਾਂ ਤਕਨੀਕਾਂ ਵਿਚ ਤੁਪਕਾ ਸਿੰਚਾਈ, ਕਣਕ ਦੀ ਸਿੱਧੀ ਬਿਜਾਈ, ਵੱਟਾਂ ਉੱਤੇ ਬਿਜਾਈ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਵਿਚ ਜ਼ਿਆਦਾਤਰ ਕਿਸਾਨ ਜਿੰਮੇਵਾਰੀ ਵਿਖਾ ਰਹੇ ਹਨ ਅਤੇ ਇਸ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਬਾਰੇ ਪੁੱਛਗਿੱਛ ਵੀ ਕਰਦੇ ਹਨ। ਇਸ ਦੌਰਾਨ ਯੁਵਕ ਸੇਵਾਵਾਂ ਵਿਭਾਗ ਅਤੇ ਐਨ.ਜੀ.ਓ. ਗਰੇਟ ਥਿੰਕਰਜ਼ ਕਲੱਬ ਬੁਰਜ ਢਿੱਲਵਾਂ ਵੱਲੋਂ ਵੀ ਕਿਸਾਨਾਂ ਨੂੰ ਪਾਣੀ ਦੀ ਰਿਚਾਰਜਿੰਗ ਵਿਧੀ ਅਤੇ ਮੀਂਹ ਦੇ ਪਾਣੀ ਦੀ ਵਰਤੋਂ ਲਈ ਪ੍ਰੇਰਿਤ ਕੀਤਾ ਗਿਆ। ਯੁਵਕ ਸੇਵਾਵਾਂ ਵੱਲੋਂ ਐਨ.ਐਸ.ਐਸ. ਯੂਨਿਟ ਬਰੇਟਾ ਦੇ ਸਹਿਯੋਗ ਨਾਲ ਬਰੇਟਾ ਇਲਾਕੇ ਵਿਚ ਪੌਦੇ ਲਗਾਏ ਗਏ।