ਮਾਨਸਾ, 23 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਬੱਚਿਆਂ ਦੇ ਅਧਿਕਾਰਾਂ ਸਬੰਧੀ ਅੱਜ ਮਾਨਸਾ ਵਿਖੇ ਚਾਈਲਡ ਲਾਈਨ 1098 ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਮਾਨਸਾ ਅਤੇ ਦਸਮੇਸ਼ ਪਬਲਿਕ ਸਕੂਲ ਦੇ ਸਹਿਯੋਗ ਨਾਲ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਐਸ.ਐਚ.ਓ. ਥਾਣਾ ਸਿਟੀ-2 ਸਰਬਜੀਤ ਕੌਰ ਨੇ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾਗਰੂਕਤਾ ਲਈ ਰਵਾਨਾ ਕੀਤਾ। ਇਸ ਮੌਕੇ ਐਸ.ਐਚ.ਓ. ਸਰਬਜੀਤ ਕੌਰ ਨੇ ਕਿਹਾ ਕਿ ਸਾਨੂੰ ਬੱਚਿਆਂ ਦੀ ਸੁਰੱਖਿਆ ਦੇ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ, ਜਿਸ ਨਾਲ ਅਸੀਂ ਸ਼ੋਸ਼ਣ ਦੀਆਂ ਘਟਨਾਵਾਂ ਨੂੰ ਰੋਕ ਸਕਦੇ ਹਾਂ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਆਸ-ਪਾਸ ਕਿਸੇ ਬੱਚੇ ਨਾਲ ਸ਼ੋਸ਼ਣ ਹੁੰਦਾ ਦੇਖਦਾ ਹੈ, ਤਾਂ ਤੁਰੰਤ ਪੁਲਿਸ ਵਿਭਾਗ ਨੂੰ ਇਸਦੀ ਖ਼ਬਰ ਕਰ ਸਕਦਾ ਹੈ। ਇਸ ਦੌਰਾਨ ਪ੍ਰੋਗਰਾਮ ਮੈਨੇਜਰ ਚਾਈਲਡ ਲਾਈਨ 1098 ਮਾਨਸਾ ਸ਼੍ਰੀ ਯਾਦਵਿੰਦਰ ਸਿੰਘ ਨੇ ਬੱਚਿਆਂ ਨੂੰ ਚਾਈਲਡ ਹੈਲਪ ਲਾਈਨ ਨੰਬਰ 1098 ਬਾਰੇ ਦੱਸਿਆ ਕਿ ਕਿਸੇ ਬੱਚੇ ਨਾਲ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਹੁੰਦਾ ਹੈ, ਤਾਂ ਉਹ ਚਾਈਲਡ ਹੈਲਪ-ਲਾਈਨ 1098 ‘ਤੇ ਫੋਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਈਲਡ ਲਾਈਨ ਵੱਲੋਂ ਸ਼ਿਕਾਇਤ ਕਰਤਾ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਪੋਕਸੋ ਕਾਨੂੰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਚੇਅਰਮੈਨ ਦਸਮੇਸ਼ ਪਬਲਿਕ ਸਕੂਲ ਸ਼੍ਰੀ ਹੀਰਾ ਲਾਲ, ਚਾਈਲਡ ਹੈਲਪ ਲਾਈਨ ਟੀਮ ਮੈਂਬਰ ਮਨੋਜ ਗੋਇਲ, ਅਮਨ ਕੌਰ, ਸੰਦੀਪ ਕੌਰ, ਪਰਮਿੰਦਰ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਮਾਨਸਾ ਤੋਂ ਰਜਿੰਦਰ ਕੁਮਾਰ, ਭੂਸ਼ਣ ਕੁਮਾਰ ਅਤੇ ਬਾਲ ਭਲਾਈ ਕਮੇਟੀ ਤੋਂ ਅੰਜਨਾ ਕੁਮਾਰੀ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸਨ।