ਬੁਢਲਾਡਾ, 19 ਅਗਸਤ (ਸਾਰਾ ਯਹਾਂ/ ਮੇਹਤਾ ਅਮਨ) –ਅੱਜ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਮੌਕੇ ‘ਤੇ ਬੁਢਲਾਡਾ ਦੇ ਫੋਟੋਗ੍ਰਾਫਰ ਭਰਾਵਾਂ ਨੇ ਇਕ ਵੱਖਰੀ ਝਲਕ ਪੇਸ਼ ਕਰਦਿਆਂ ਇਸ ਦਿਨ ਨੂੰ ਸਮਾਜ ਦੀ ਸੇਵਾ ਚ ਸਮਰਪਿੱਤ ਰਹਿੰਦਿਆਂ ਮਨਾਇਆ। ਇਸ ਸਬੰਧੀ ਸਭ ਤੋਂ ਪਹਿਲਾਂ ਸਾਰੇ ਫੋਟੋਗ੍ਰਾਫਰ ਭਰਾਵਾਂ ਨੇ ਇਕੱਠੇ ਹੋ ਕੇ ਪਿੰਗਲਵਾੜਾ ਪਹੁੰਚ ਕੇ ਉਥੇ ਰਹਿੰਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਲੋਕਾਂ ਨਾਲ ਮਿਲਾਪ ਕੀਤਾ। ਫੋਟੋਗ੍ਰਾਫਰਾਂ ਨੇ ਉਹਨਾਂ ਨਾਲ ਸਮਾਂ ਬਿਤਾ ਕੇ ਇਹ ਸੁਨੇਹਾ ਦਿੱਤਾ ਕਿ ਅਜਿਹੇ ਲੋਕ ਵੀ ਸਮਾਜ ਦੇ ਬਰਾਬਰ ਦੇ ਹਿੱਸੇਦਾਰ ਹਨ ਤੇ ਉਹਨਾਂ ਨੂੰ ਪਿਆਰ, ਇਜ਼ਤ ਤੇ ਮਮਤਾ ਮਿਲਣੀ ਚਾਹੀਦੀ ਹੈ। ਇਸ ਤੋਂ ਬਾਅਦ ਫੋਟੋਗ੍ਰਾਫਰਾਂ ਦਾ ਕਾਫਲਾ ਨੇਕੀ ਆਸ਼ਰਮ ਵਿਖੇ ਪਹੁੰਚਿਆ ਜਿੱਥੇ ਉਹਨਾਂ ਨੇ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਫੋਟੋਗ੍ਰਾਫਰ ਭਰਾਵਾਂ ਨੇ ਕਿਹਾ ਕਿ ਫੋਟੋਗ੍ਰਾਫੀ ਸਿਰਫ਼ ਇੱਕ ਪੇਸ਼ਾ ਜਾਂ ਰੋਜ਼ਗਾਰ ਨਹੀਂ, ਸਗੋਂ ਇਹ ਮਨੁੱਖਤਾ ਦੀ ਸੇਵਾ ਅਤੇ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦਾ ਸਾਧਨ ਵੀ ਬਣ ਸਕਦੀ ਹੈ। ਇਸ ਮੌਕੇ ਚੇਅਰਮੈਨ ਇੰਦਰਜੀਤ ਟੋਨੀ ਨੇ ਕਿਹਾ ਕਿ ਫੋਟੋਗ੍ਰਾਫਰਾਂ ਦਾ ਇਹ ਸਾਂਝਾਂ ਕਦਮ ਇਕ ਮਿਸਾਲ ਹੈ ਜੋ ਹੋਰ ਲੋਕਾਂ ਨੂੰ ਵੀ ਸਮਾਜਿਕ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ। ਪੰਜਾਬ ਮੀਤ ਪ੍ਰਧਾਨ ਗਿਆਨ ਸ਼ਰਮਾ ਨੇ ਕਿਹਾ ਕਿ ਫੋਟੋਗ੍ਰਾਫਰ ਭਰਾਵਾਂ ਨੇ ਹਮੇਸ਼ਾ ਸਮਾਜਕ ਕਾਰਜਾਂ ‘ਚ ਆਪਣੀ ਸਰਗਰਮ ਭੂਮਿਕਾ ਨਿਭਾਈ ਹੈ। ਪ੍ਰਧਾਨ ਸੰਦੀਪ ਸ਼ਰਮਾ, ਸਕੱਤਰ ਕੁਲਦੀਪ ਸ਼ਰਮਾ ਅਤੇ ਖਜਾਨਚੀ ਕਰਮਜੀਤ ਸ਼ਰਮਾ ਨੇ ਵੀ ਸਭ ਫੋਟੋਗ੍ਰਾਫਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਜ ਲਈ ਸਮਾਂ ਕੱਢਿਆ। ਇਸ ਮੌਕੇ ਬੁਢਲਾਡਾ ਦੇ ਸਾਰੇ ਫੋਟੋਗ੍ਰਾਫਰ ਵੱਡੇ ਉਤਸ਼ਾਹ ਨਾਲ ਹਾਜ਼ਰ ਰਹੇ ਤੇ ਵੱਧ ਚੜ੍ਹ ਕੇ ਹਿੱਸਾ ਲਿਆ। ਉਹਨਾਂ ਨੇ ਮਿਲ ਕੇ ਇਹ ਸਹੁੰ ਵੀ ਚੁੱਕੀ ਕਿ ਅਗਲੇ ਸਮਿਆਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਜਿਕ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।