ਮਾਨਸਾ 24 ਜਨਵਰੀ (ਬਪਸ): ਜਟਾਣਾ ਕੈਂਚੀਆਂ ਨੇੜੇ ਬਣੇ ਤਾਜ ਪੈਰਿਸ ਵਿਖੇ ਅੱਜ ਉਸ ਸਮੇਂ ਪੁਲਿਸ ਅਤੇ ਪੈਲੇਸ ਮਾਲਕਾਂ ਵਿੱਚ ਤਕਰਾਰ ਵਧ ਗਈ ਜਦੋਂ ਅਕਸਾਈਜ਼ ਵਿਭਾਗ ਦੇ ਇੰਸਪੈਕਟਰ ਪੈਰਿਸ ਵਿੱਚ ਪਰਮਿਟ ਚੈੱਕ ਕਰਨ ਲਈ ਆਇਆ। ਜਾਣਕਾਰੀ ਅਨੁਸਾਰ ਤਾਜ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਮੌਕੇ ਐਕਸਾਈਜ਼ ਵਿਭਾਗ ਦਾ ਇੰਸਪੈਕਟਰ ਅਸ਼ੋਕ ਕੁਮਾਰ ਨੇ ਆਪਣੀ ਪਾਰਟੀ ਨਾਲ ਪਹੁੰਚ ਕੇ ਪੈਲੇਸ ਦੇ ਮਾਲਕ ਤੋਂ ਸ਼ਰਾਬ ਦਾ ਪਰਮਿਟ ਮੰਗਿਆ ਤਾਂ ਉਨ੍ਹਾਂ ਵਿੱਚ ਤਕਰਾਰ ਵਧ ਗਈ ਜਿਸ ਨੂੰ ਲੈ ਕੇ ਐਕਸਾਈਜ਼ ਇੰਸਪੈਕਟਰ ਨੇ ਆਪਣੇ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਪਾਰਟੀ ਨੂੰ ਮੌਕੇ ਤੇ ਸੱਦ ਲਿਆ। ਉਧਰ ਪੈਲਸ ਮਾਲਕ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੀ ਆਪਸੀ ਲੜਾਈ ਦੇ ਵਿੱਚ ਵਿਆਹ ਕਰਨ ਪਹੁੰਚੇ ਲੜਕੇ ਅਤੇ ਲੜਕੀ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਮਾਲ ਪੈਲਸ ਦੇ ਮਾਲਕ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਅਸ਼ੋਕ ਕੁਮਾਰ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਜਾਣ ਬੁਝ ਕੇ ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਇਸ ਸਬੰਧੀ ਉਨ੍ਹਾਂ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਕਰਕੇ ਵੀ ਐਕਸਾਈਜ਼ ਇੰਸਪੈਕਟਰ ਤੇ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਅਸੀਂ ਵਿਭਾਗ ਤੋਂ ਪੈਲੇਸ ਅੰਦਰ ਸ਼ਰਾਬ ਦਾ ਪਰਮਿਟ ਲਿਆ ਹੋਇਆ ਸੀ ਉਸ ਦੇ ਬਾਵਜੂਦ ਵੀ ਐਕਸਾਈਜ਼ ਇੰਸਪੈਕਟਰ ਜਾਣ ਬੁਝ ਕੇ ਆਪਣੀ ਟੀਮ ਨਾਲ ਪੈਲਸ ਅੰਦਰ ਆ ਕੇ ਸਾਨੂੰ ਬੁਰਾ ਭਲਾ ਕਿਹਾ ਜਿਸ ਦੀ ਵੀਡੀਓ ਰਿਕਾਰਡਿੰਗ ਸਾਡੇ ਪੈਲੇਸ ਅੰਦਰ ਲੱਗੇ ਸੀਸੀ ਕੈਮਰਿਆਂ ਤੋਂ ਵੀ ਲਈ ਜਾ ਸਕਦੀ ਹੈ ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਉਨ੍ਹਾਂ ਨੂੰ ਜਾਣ ਬੁਝ ਕੇ ਪ੍ਰੇਸ਼ਾਨ ਕਰਦਾ ਹੈ। ਉਨ੍ਹਾਂ ਐਕਸਾਈਜ਼ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੇ ਇੰਸਪੈਕਟਰ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਜਾਣ ਬੁਝ ਕੇ ਠੇਕੇਦਾਰ ਨਾਲ ਮਿਲ ਕੇ ਸਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਦੂਜੇ ਪਾਸੇ ਐਕਸਾਈਜ਼ ਇੰਸਪੈਕਟਰ ਦਾ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਉਹ ਸ਼ਰਾਬ ਦਾ ਪਰਮਿਟ ਚੈੱਕ ਕਰਨ ਲਈ ਪੈਲਸ ਚ ਗਏ ਸਨ ਪਰ ਪੈਲੇਸ ਵਿੱਚ ਹਰਿਆਣਾ ਮਾਰਕਾ ਸ਼ਰਾਬ ਚੱਲ ਰਹੀ ਸੀ ਜਦ ਇਸ ਬਾਰੇ ਉਨ੍ਹਾਂ ਪੈਲਸ ਮਾਲਕ ਸੁਖਵਿੰਦਰ ਸਿੰਘ ਭੋਲਾ ਮਾਨ ਤੋਂ ਪੁੱਛਿਆ ਤਾਂ ਉਨ੍ਹਾਂ ਮੈਨੂੰ ਗਲਤ ਸ਼ਬਦਾਵਲੀ ਵਰਤਦਿਆ ਪੈਲੇਸ ਵਿੱਚੋਂ ਬਾਹਰ ਜਾਣ ਲਈ ਕਿਹਾ। ਜਿਸ ਤੇ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਸਰਦੂਲਗੜ੍ਹ ਪੁਲਿਸ ਨੂੰ ਵੀ ਮੌਕੇ ਤੇ ਬੁਲਾ ਲਿਆ। ਖਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਡੀਐਸਪੀ ਸਰਦੂਲਗੜ੍ਹ ਸੰਜੀਵ ਕੁਮਾਰ ਗੋਇਲ ਕੋਲ ਬੈਠ ਕੇ ਆਪੋ ਆਪਣੇ ਵਿਚਾਰ ਦੇ ਰਹੇ ਸਨ।