ਮਾਨਸਾ (ਸਾਰਾ ਯਹਾਂ/ਬਿਊਰੋ ਨਿਊਜ਼) : ਬਠਿੰਡਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਨੌਜਵਾਨ ਦੇ ਮਾਮਲੇ ਵਿੱਚ ਨਵੇਂ ਨਵੇਂ ਮੋੜ ਸਾਹਮਣੇ ਆ ਰਹੇ ਹਨ। ਪੁਲਿਸ ਨੇ ਇਸ ਮਾਮਲੇ ਚ ਨੌਜਵਾਨ ਦੀ ਮੌਤ ਨੂੰ ਐਕਸੀਡੈਂਟ ਦੀ ਘਟਨਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਪਹਿਲਾਂ ਇਸ ਮਾਮਲੇ ਨੂੰ ਨਸ਼ੇ ਦੀ ਓਵਰਡੋਜ ਨਾਲ ਜੋੜਨ ਦਾ ਯਤਨ ਕੀਤਾ, ਉੱਥੇ ਹੀ ਨੌਜਵਾਨ ਦੀ ਮੌਤ ਨੂੰ ਸੜਕ ਹਾਦਸੇ ਵਿੱਚ ਬਦਲਣ ਦੀ ਅਸਫਲ ਕੋਸ਼ਿਸ਼ ਵੀ ਕੀਤੀ ਗਈ। ਪੁਲਿਸ ਨੇ 25 ਮਈ ਨੂੰ ਦਬਾਅ ਤੋਂ ਬਾਅਦ ਸੀਆਈਏ ਸਟਾਫ ਦੋ ਦੇ ਏਐਸਆਈ ਅਵਤਾਰ ਸਿੰਘ ਤਾਰੀ ਸਮੇਤ ਮ੍ਰਿਤਕ ਦੇ ਦੋ ਸਾਥੀਆਂ ਗਗਨਦੀਪ ਸਿੰਘ ਅਤੇ ਹੈਪੀ ਲੂਥਰਾ ਖਿਲਾਫ ਕੇਸ ਦਰਜ ਕੀਤਾ ਸੀ, ਪਰ ਸੋਮਵਾਰ ਨੂੰ ਪੁਲਿਸ ਨੇ ਇਸ ਮਾਮਲੇ ਵਿੱਚ ਸੀਆਈਏ ਸਟਾਫ ਦੇ ਤਿੰਨ ਹੋਰ ਮੁਲਾਜ਼ਮਾਂ ਹੌਲਦਾਰ ਹਰਵਿੰਦਰ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੂੰ ਵੀ ਨਾਮਜਦ ਕਰ ਲਿਆ ਹੈ। ਇੰਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਹੀ ਪਹਿਲਾਂ ਨਰਿੰਦਰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਸੀਆਈਏ ਸਟਾਫ ਦੋ ਵਿੱਚ ਲਿਆ ਕੇ ਉਸ ਉਪਰ ਅੰਨ੍ਹਾ ਤਸ਼ੱਦਤ ਕੀਤਾ, ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਡਾਕਟਰ ਰਣਜੀਤ ਸਿੰਘ ਵਾਸੀ ਉਹ ਓਮੈਕਸ ਸਿਟੀ ਗੋਨਿਆਣਾ ਮੰਡੀ ਨੇ ਦੱਸਿਆ ਕਿ ਉਸ ਦਾ ਲੜਕਾ ਨਰਿੰਦਰਦੀਪ ਸਿੰਘ ਬਠਿੰਡਾ ਦੇ ਅਜੀਤ ਰੋਡ ’ਤੇ ਸਥਿਤ ਫਿਊਚਰ ਕੇਅਰ ਇੰਸਟੀਚਿਊਟ ਵਿੱਚ ਨੌਕਰੀ ਕਰਦਾ ਸੀ। ਪੀੜਤ ਨੇ ਦੱਸਿਆ ਕਿ 23 ਮਈ ਨੂੰ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਗੱਡੀ ਨੰਬਰ ਪੀਬੀ 03 ਏਐਨ 5566 ’ਤੇ ਸਵਾਰ ਹੋ ਕੇ ਆਪਣੀ ਡਿਊਟੀ ਉੱਪਰ ਗਿਆ ਸੀ। ਉਨ੍ਹਾਂ ਦੱਸਿਆ ਕਿ ਸਵੇਰੇ ਕਰੀਬ 9 ਵਜੇ ਉਸਦੇ ਪੁੱਤਰ ਨੇ ਉਸ ਕੋਲੋਂ ਪੈਸਿਆਂ ਦੀ ਮੰਗ ਕੀਤੀ ਸੀ, ਜਿਸ ਬਾਰੇ ਉਸਨੇ ਆਪਣੀ ਨੂੰਹ ਨੂੰ ਜਾਣੂ ਕਰਵਾ ਦਿੱਤਾ, ਜਿਸ ਨੇ ਆਪਣੇ ਖਾਤੇ ਵਿੱਚੋਂ ਗੂਗਲ ਪੇ ਰਾਹੀਂ ਨਰਿੰਦਰਦੀਪ ਸਿੰਘ ਨੂੰ 20 ਹਜਾ਼ਰ ਰੁਪਏ ਭੇਜੇ ਸਨ। ਉਨ੍ਹਾਂ ਦੱਸਿਆ ਕਿ ਕਰੀਬ ਸ਼ਾਮ ਨੂੰ 5:30 ਵਜੇ ਆਪਣੇ ਪੁੱਤਰ ਨਾਲ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਹ ਜਲਦੀ ਹੀ ਘਰ ਆ ਰਿਹਾ ਹੈ। ਪੀੜਤ ਨੇ ਦੱਸਿਆ ਇਸ ਤੋਂ ਬਾਅਦ ਉਸਦੇ ਪੁੱਤਰ ਦਾ ਮੋਬਾਈਲ ਫੋਨ ਬੰਦ ਆਉਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਪੜਤਾਲ ਕਰਨ ’ਤੇ ਇੰਸਟੀਚਿਊਟ ਦੇ ਮਾਲਕ ਨੇ ਦੱਸਿਆ ਕਿ ਹੈਪੀ ਲੂਥਰਾ ਅਤੇ ਗਗਨਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਉਸਦੇ ਲੜਕੇ ਨੂੰ ਕਿਧਰੇ ਲੈ ਗਏ ਸਨ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਹੀ ਕਰੀਬ 8:30 ਵਜੇ ਜਦੋਂ ਉਨ੍ਹਾਂ ਦੁਬਾਰਾ ਆਪਣੇ ਪੁੱਤਰ ਦੇ ਮੋਬਾਈਲ ’ਤੇ ਫੋਨ ਕੀਤਾ ਤਾਂ ਗਗਨਦੀਪ ਸਿੰਘ ਨੇ ਚੁੱਕ ਕੇ ਕਿਹਾ ਕਿ ਨਰਿੰਦਰਦੀਪ ਸਿੰਘ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ। ਪੀੜਤ ਨੇ ਦੱਸਿਆ ਕਿ ਜਦੋਂ ਉਹ ਬਠਿੰਡਾ ਦੇ ਸਿਵਲ ਹਸਪਤਾਲ ਕੁਝ ਹੇਠ ਦੇਖਿਆ ਉਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਸੀ। ਉਸ ਦੇ ਪੁੱਤਰ ਦੇ ਸਰੀਰ ਉੱਪਰ ਖੂਨ ਜੰਮਿਆ ਹੋਇਆ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਸ ਨੂੰ ਸਰੀਰਕ ਤੌਰ ’ਤੇ ਤਸੀਹੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਸ ਮਾਮਲੇ ਸਬੰਧੀ ਗਗਨਦੀਪ ਸਿੰਘ ਨੇ ਵੀਡੀਓ ਵਾਇਰਲ ਕੀਤੀ ਤਾਂ ਸਾਡਾ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਉਸ ਦੇ ਪੁੱਤਰ ਨੂੰ ਸੀਆਈਏ ਸਟਾਫ ਦੋ ਵਿੱਚ ਏਐਸਆਈ ਅਵਤਾਰ ਸਿੰਘ ਤਾਰੀ ਦੀ ਟੀਮ ਵੱਲੋਂ ਅੰਨ੍ਹਾਂ ਤਸ਼ੱਦਦ ਕੀਤਾ ਗਿਆ ਹੈ, ਜਿਸ ਕਾਰਨ ਦੇ ਲੜਕੇ ਦੀ ਮੌਤ ਹੋਈ ਹੈ।
ਐਕਸੀਡੈਂਟ ਬਣਾ ਦਿੱਤਾ ਤਸ਼ੱਦਦ ਨਾਲ ਹੋਈ ਮੌਤ
ਨੌਜਵਾਨ ਨਰਿੰਦਰਦੀਪ ਸਿੰਘ ਦੀ ਮੌਤ ਹੋ ਗਈ ਤਾਂ ਮੁਲਜਮਾਂ ਨੇ ਇਸ ਘਟਨਾ ਨੂੰ ਸੜਕ ਹਾਦਸੇ ਵਿੱਚ ਬਦਲਣ ਦਾ ਯਤਨ ਕੀਤਾ। ਪਹਿਲਾਂ ਇਸ ਨੂੰ ਨਸ਼ੇ ਦੀ ਓਵਰਡੋਜ ਨਾਲ ਜੋੜਿਆ ਜਾਣ ਲੱਗਾ ਸੀ, ਪਰ ਬਾਅਦ ਵਿੱਚ ਨੌਜਵਾਨ ਦੀ ਕਾਰ ਦਾ ਸ਼ੀਸ਼ਾ ਭੰਨ੍ਹ ਕੇ ਇਸ ਨੂੰ ਸੜਕ ਹਾਦਸਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਾਰ ਦਾ ਸਿਰਫ ਫਰੰਟ ਸ਼ੀਸ਼ਾ ਡਰਾਈਵਰ ਸਾਈਡ ਤੋਂ ਤੋੜਿਆ ਗਿਆ ਜਦੋਂ ਕਿ ਕਾਰ ਦੇ ਹੋਰ ਕਿਸੇ ਪਾਸੇ ਕੋਈ ਝਰੀਟ ਤਕ ਨਹੀਂ ਲੱਗੀ ਸੀ। ਇਸ ਤੋਂ ਬਾਅਦ ਹੀ ਪਰਿਵਾਰ ਨੂੰ ਪੁਲਿਸ ਅਤੇ ਮੁਲਜ਼ਮਾਂ ਵੱਲੋਂ ਬਣਾਈ ਗਈ ਕਹਾਣੀ ’ਤੇ ਸ਼ੱਕ ਹੋਇਆ ਤੇ ਉਨ੍ਹਾਂ ਨਿਰਪੱਖ ਜਾਂਚ ਦੀ ਮੰਗ ਕੀਤੀ।
ਥਾਣਾ ਕੈਨਾਲ ਕਲੋਨੀ ਦੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ਦੇ ਅਧਾਰ ਤੇ 24 ਮਈ ਨੂੰ ਸੀਆਈਏ ਸਟਾਫ ਦੇ ਏਐਸਆਈ ਅਵਤਾਰ ਸਿੰਘ ਤਾਰੀ ਅਤੇ ਮ੍ਰਿਤਕ ਦੇ ਜਾਣਕਾਰ ਗਗਨਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਅਤੇ ਹੈਪੀ ਲੂਥਰਾ ਵਾਸੀ ਹਾਊਸਫੈਡ ਕਲੋਨੀ ਖਿਲਾਫ ਕੇਸ ਦਰਜ ਕੀਤਾ ਸੀ। ਪਰ ਪੁਲਿਸ ਨੇ 26 ਮਈ ਦਿਨ ਸੋਮਵਾਰ ਨੂੰ ਇਸੇ ਮਾਮਲੇ ਵਿੱਚ ਸੀ ਆਈਏ ਸਟਾਫ ਦੋ ਦੇ ਹੌਲਦਾਰ ਹਰਵਿੰਦਰ ਸਿੰਘ, ਸੀਨੀਅਰ ਸਿਪਾਹੀ ਲਖਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਨੂੰ ਵੀ ਨਾਮਜਦ ਕਰ ਲਿਆ ਹੈ।