ਮਾਨਸਾ 17 ਦਸੰਬਰ (ਸਾਰਾ ਯਹਾ, ਬਲਜੀਤ ਸ਼ਰਮਾ) ਅੱਜ ਮਾਨਸਾ ਸ਼ਹਿਰ ਅੰਦਰ ਵੱਖ ਵੱਖ ਭਾਈਚਾਰਿਆਂ ਵੱਲੋਂ ਹੱਥਾਂ ਵਿੱਚ ਜੰਜ਼ੀਰ ਪਹਿਨ ਕੇ ਨਾਗਰਿਕਤਾ ਸੋਧ ਬਿੱਲ (ਐਨਆਰਸੀ) ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ, ਮਸੀਹੀ ਭਾਈਚਾਰੇ ਦੇ ਆਗੂ ਪਾਸਟਰ ਰਾਜ ਕੁਮਾਰ, ਸਿੱਖ ਭਾਈਚਾਰੇ ਦੇ ਆਗੂ ਮੇਲਾ ਸਿੰਘ ਖਾਲਸਾ ਅਤੇ ਮੁਸਲਿਮ ਭਾਈਚਾਰੇ ਦੇ ਅਮਰੀਕ ਖਾਨ ਨੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਰਵ ਧਰਮ ਅਤੇ ਜਾਤਾਂ ਦੇ ਸਾਂਝੇ ਭਾਰਤ ਦੇ ਸੰਵਿਧਾਨ ਨੂੰ ਬੀਜੇਪੀ ਸਰਕਾਰ ਫਾਸ਼ੀਵਾਦ ਫਿਰਕਾਪ੍ਰਸਤੀ ਦੀ ਜੰਜ਼ੀਰ ਵਿੱਚ ਜਕੜਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਐਨਆਰਸੀ ਅਤੇ ਕੈਬ ਦੇਸ਼ ਦੀ ਅਖੰਡਤਾ ਲਈ ਖਤਰੇ ਦੀ ਘੰਟੀ ਹੈ। ਉਹਨਾਂ ਕਿਹਾ ਕਿ ਦੇਸ਼ ਅੰਦਰਲੀਆਂ ਜਨਤਾ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਅੱਖੋਂ ਪਰੋਖੇ ਕਰਕੇ ਬੀਜੇਪੀ ਹਿੰਦੂਤਵ ਦਾ ਏਜੰਡਾ ਲਾਗੂ ਕਰਨ ਲਈ ਭਾਈਮਾਰ ਜੰਗ ਕਰਵਾਉਣ ਲਈ ਅੱਡੀ ਚੋਟੀ ਦਾ ਜੋਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਹਰ ਕੌਮ ਦੀਆਂ ਦਿੱਤੀਆਂ ਸ਼ਹਾਦਤਾਂ ਨੂੰ ਕਿਸੇ ਵੀ ਕੀਮਤ ‘ਤੇ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਆਰਐਸਐਸ ਦੇ ਇਸ਼ਾਰਿਆਂ ‘ਤੇ ਚੱਲ ਰਹੀ ਬੀਜੇਪੀ ਦੇ ਕਿਸੇ ਵਿਅਕਤੀ ਦਾ ਆਜ਼ਾਦੀ ਸੰਘਰਸ਼ ਦੌਰਾਨ ਕੋਈ ਰੋਲ ਨਹੀਂ ਰਿਹਾ ਹੈ ਬਲਕਿ ਇੰਨ੍ਹਾਂ ਵੱਲੋਂ ਬ੍ਰਿਟਿਸ਼ ਸਰਕਾਰ ਤੋਂ ਮਾਫੀਆਂ ਮੰਗਣ ਦਾ ਇਤਿਹਾਸ ਹੀ ਸਿਰਜਿਆ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਰੱਦ ਕਰਦਿਆਂ ਬੀਜੇਪੀ ਵਲੋਂ ਮਨੂਸਮ੍ਰਿਤੀ ਲਾਗੂ ਕਰਨ ਦੇ ਮਨਸੂਬੇ ਕਦੇ ਵੀ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਦੇਸ਼ ਅੰਦਰ ਵੱਖ ਵੱਖ ਜਥੇਬੰਦੀਆਂ ਵੱਲੋਂ ਭਾਰਤੀ ਲੋਕ ਤੰਤਰ ਤਹਿਤ ਸ਼ਾਂਤਮਈ ਤਰੀਕੇ ਨਾਲ ਇਸ ਬਿੱਲ ਦਾ ਵਿਰੋਧ ਕਰਦਿਆਂ ਆਪਣੀ ਰੱਖੀ ਜਾ ਰਹੀ ਰਾਇ ਨੂੰ ਬੀਜੇਪੀ ਸਰਕਾਰ ਡੰਡੇ ਦੇ ਜ਼ੋਰ ਨਾਲ ਦਬਾਉਣਾ ਚਾਹੁੰਦੀ ਹੈ। ਇਸ ਸਮੇਂ ਉਨ੍ਹਾਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੀਤੀ ਕੁੱਟ ਮਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ 19 ਦਸੰਬਰ ਨੂੰ 4 ਖੱਬੇ-ਪੱਖੀ ਪਾਰਟੀਆਂ ਦੇ ਸੱਦੇ ਤਹਿਤ ਇਨਸਾਫ ਪਸੰਦ ਜਥੇਬੰਦੀਆਂ ਅਤੇ ਲਿਬਰੇਸ਼ਨ ਪਾਰਟੀ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਜਨਤਾ ਨੂੰ ਪਹੁੰਚਣ ਦੀ ਅਪੀਲ ਕੀਤੀ।
ਇਸ ਸਮੇਂ ਸਰਬਜੀਤ ਮਸੀਹ, ਮਾਇਆ ਮਸੀਹ, ਅਜਾਇਬ ਮਸੀਹ, ਜਗਰੂਪ ਸਿੰਘ, ਮੇਲਾ ਸਿੰਘ, ਸਰੋਜ ਰਾਣੀ, ਨਿਰਮਲਾ, ਕੇਸਰ ਕੌਰ, ਅਰੁਣ ਕੁਮਾਰ, ਨਰਿੰਦਰ ਸਿੰਘ, ਮਨਜੀਤ ਕੌਰ, ਡਾ. ਮਹਿਮੂਦ ਖਾਨ, ਮਹਿੰਦਰ ਖਾਨ, ਕਸ਼ਮੀਰ ਮੁਹੰਮਦ ਅਤੇ ਕਰਮਜੀਤ ਕੌਰ ਆਦਿ ਹਾਜ਼ਰ ਸਨ।