ਮਾਨਸਾ, 28 ਮਈ(ਸਾਰਾ ਯਹਾ,(ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਨਰਮੇ ਦੇ ਕਾਸ਼ਤਕਾਰਾਂ ਨੂੰ ਨਿਰਵਿਘਨ ਪਾਣੀ ਅਤੇ ਬਿਜਲੀ ਦੀ ਸਪਲਾਈ ਦੇਣ ਦੇ ਉਪਰਾਲੇ ਅਤੇ ਖੇਤੀਬਾੜੀ ਵਿਭਾਗ ਵੱਲੋਂ ਫਰਵਰੀ ਮਹੀਨੇ ਤੋਂ ਇਸ ਸਬੰਧੀ ਉਲੀਕੀ ਗਈ ਯੋਜਨਾਬੰਦੀ ਸਦਕਾ ਜ਼ਿਲ੍ਹਾ ਮਾਨਸਾ ‘ਚ ਨਰਮੇ ਹੇਠ ਰਕਬਾ 54585 ਹੈਕਟੇਅਰ ਤੋਂ ਵੱਧ ਕੇ 76000 ਹੈਕਟੇਅਰ ਹੋ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦਾ ਪਿਛਲੇ ਸਾਲ ਦਾ ਨਰਮੇ ਹੇਠ ਰਕਬਾ ਰੈਵੀਨਿਊ ਰਿਕਾਰਡ ਮੁਤਾਬਿਕ 54585 ਹੈੱਕਟੇਅਰ ਸੀ ਜਦੋਂ ਕਿ ਇਸ ਸਾਲ ਇਹ ਰਕਬਾ ਲਗਭਗ 76000 ਹੈੱਕਟੇਅਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਕਾਸ਼ਤ ਸਬੰਧੀ ਅਗਾਂਹ ਵਿਊਂਤਬੰਦੀ ਕਰਦਿਆਂ ਸੰਚਾਲਕ ਖੇਤੀਬਾੜੀ ਪੰਜਾਬ ਸਰਕਾਰ ਸ਼੍ਰੀ ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਸ਼੍ਰੀ ਸੁਤੰਤਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਰਮਾ ਪੱਟੀ ਦੇ ਸਾਰੇ 8 ਜ਼ਿਲ੍ਹਿਆਂ (ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਮੋਗਾ, ਮੁਕਤਸਰ, ਫਾਜ਼ਿਲਕਾ ਅਤੇ ਫਰੀਦਕੋਟ) ‘ਚ ਸਿੰਚਾਈ ਵਿਭਾਗ ਅਤੇ ਬਿਜਲੀ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਪਾਣੀ ਅਤੇ ਬਿਜਲੀ ਦੀ ਸਮੇਂ ਸਿਰ ਸਪਲਾਈ ਲਈ ਯਤਨ ਕੀਤੇ।ਮੁੱਖ ਖੇਤੀਬਾੜੀ ਅਫਸ਼ਰ ਡਾ. ਗੁਰਮੇਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਯਤਨਾ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਨਹਿਰੀ ਪਾਣੀ ਦੀ ਸਪਲਾਈ 25 ਅਪ੍ਰੈਲ 2019 ਤੋਂ ਹੁਣ ਤੱਕ ਨਿਰਵਿਘਨ ਚੱਲ ਰਹੀ ਹੈ ਅਤੇ ਇਸ ਦੇ ਨਾਲ ਹੀ ਬਿਜਲੀ ਬੋਰਡ ਅਤੇ ਫੀਲਡ ਸਟਾਫ ਦੀਆਂ ਰਿਪੋਰਟਾਂ ਅਨੁਸਾਰ ਨਰਮੇ ਵਾਲੇ ਪਿੰਡਾਂ ਵਿੱਚ ਬਿਜਲੀ ਦੀ ਸਪਲਾਈ ਵੀ 10-12 ਘੰਟੇ ਚੱਲ ਰਹੀ ਹੈ। ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਵਿੱਚ ਹੁਣ ਤੱਕ ਹਾਈਬ੍ਰਿਡ ਨਰਮੇ ਦੇ ਲਗਭਗ 3,96,000 ਪੈਕਟਾਂ ਦੀ ਵਿੱਕਰੀ ਹੋ ਚੁੱਕੀ ਹੈ ਅਤੇ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਮ ਦੇ ਬੀਜ ਦੀ ਕੋਈ ਘਾਟ ਨਹੀਂ ਹੈ। ਇਸ ਤੋਂ ਇਲਾਵਾ ਨਰਮੇ ਦੀਆਂ ਸਾਰੀਆਂ ਕਿਸਮਾਂ ਦੇ ਬੀਜਾਂ ਦਾ ਲੋੜ ਮੁਤਾਬਿਕ ਸਟਾਕ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਨਰਮੇ-ਕਪਾਹ ਹੇਠ ਰਕਬਾ ਵਧਾਉਣ ਲਈ ਫਰਵਰੀ ਮਹੀਨੇ ਤੋਂ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੋਜਨਾਬੰਦੀ ਉਲੀਕੀ ਗਈ, ਤਾਂ ਜੋ ਪੰਜਾਬ ਵਿੱਚ ਇਸ ਸਾਲ ਨਰਮੇ ਹੇਠ ਰਕਬੇ ਨੂੰ ਵਧਾਇਆ ਜਾ ਸਕੇ। ਜਿਸ ਅਧੀਨ ਫਰਵਰੀ ਮਹੀਨੇ ਵਿੱਚ ਮਾਨਸਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਵੱਖ-ਵੱਖ ਮਹਿਕਮਿਆਂ ਨਾਲ ਮਿਤੀ 25 ਫਰਵਰੀ 2019 ਨੂੰ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਨਰਮੇ ਤੇ ਚਿੱਟੇ ਮੱਛਰ ਦੇ ਹਮਲੇ ਤੋਂ ਬਚਾਅ ਸਬੰਧੀ ਵੱਖ-ਵੱਖ ਨੁਕਤਿਆਂ ਤੇ ਚਰਚਾ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਹਦਾਇਤ ਕੀਤੀ ਕਿ ਚਿੱਟੇ ਮੱਛਰ ਦੇ ਬਦਲਵੇਂ ਬੂਟੇ/ਨਦੀਨ (ਅਲਟ੍ਰਨੇਟ ਹੋਸਟ) ਆਪਣੇ-ਆਪਣੇ ਮਹਿਕਮੇ ਦੇ ਅਧੀਨ ਪੈਂਦੇ ਰਕਬੇ ਵਿੱਚੋਂ ਇਨ੍ਹਾਂ ਬੂਟਿਆਂ ਨੂੰ ਨਸ਼ਟ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਕਾਸ਼ਤ ਸਬੰਧੀ ਇੱਕ ਜ਼ਿਲ੍ਹਾ ਪੱਧਰ, 5 ਬਲਾਕ ਪੱਧਰ ਅਤੇ 440 ਪਿੰਡ ਪੱਧਰ ‘ਤੇ ਕਿਸਾਨ ਸਿਖਲਾਈ ਕੈਂਪ ਲਗਾ ਕੇ ਨਰਮੇ ਦੀ ਬਿਜਾਈ ਸਬੰਧੀ ਕਿਸਾਨ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਨਰਮੇ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਨਰਮੇ ਦੀ ਕਾਸ਼ਤ ਸਬੰਧੀ ਪਰਚੇ (ਪੈਂਫਲੇਟ) ਵੰਡੇ ਗਏ। ਇਸ ਤੋਂ ਇਲਾਵਾ ਪਿੰਡਾਂ ਦੇ ਗੁਰੂਦਵਾਰਿਆਂ ਦੇ ਸਪੀਕਰਾਂ ਵਿੱਚ ਬੁਲਾ ਕੇ ਕਿਸਾਨਾਂ ਨੂੰ ਗੁਜਰਾਤੀ ਬੀਜ ਨਾ ਬੀਜਣ ਸਬੰਧੀ ਜਾਣਕਾਰੀ ਦਿੱਤੀ ਗਈ, ਜਿਸ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਕਿਤੇ ਵੀ ਗੁਜਰਾਤੀ ਬੀਜ ਦੀ ਬਿਜਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਬਿਜਾਈ ਤੋਂ ਪਹਿਲਾਂ ਇਨਪੁਟ ਡੀਲਰਾਂ ਦੀਆਂ 5 ਟ੍ਰੇਨਿੰਗਾਂ ਲਗਾਈਆਂ ਗਈਆਂ ਅਤੇ ਇਨ੍ਹਾਂ ਟ੍ਰੇਨਿੰਗਾਂ ਵਿੱਚ ਡੀਲਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਫਾਰਿਸ਼ ਕੀਤੇ ਹੋਏ ਹਾਈਬ੍ਰਿਡ ਨਰਮੇ ਦਾ ਬੀਜ ਵੇਚਣ ਲਈ ਹੀ ਕਿਹਾ ਗਿਆ। ਇਨ੍ਹਾਂ ਉਪਰਾਲਿਆਂ ਸਦਕਾ ਮਾਨਸਾ ਜ਼ਿਲ੍ਹੇ ਵਿੱਚ ਪਿਛਲੀ ਸਾਉਣੀ ਨਾਲੋਂ ਇਸ ਸਾਉਣੀ ਵਿੱਚ ਨਰਮੇ ਹੇਠ ਰਕਬਾ ਵਧਾਇਆ ਗਿਆ।